ਜਦ ਉਹ ਪੱਛੜੇ ਹੋਏ ਕੰਮ ਕਾਜੀ ਪੇਂਡੂ ਬੰਦੇ ਚੰਦ ਸਾਲਾਂ ਵਿੱਚ ਹੀ ਬਣ ਗਏ ‘ਅਤਿ ਆਧੁਨਿਕ’

ਜਦ ਮੈਂ ਪੰਜਾਬ ਦੇ ਇੱਕ ਅਰਧ ਸ਼ਹਿਰੀ ਕਾਲਜ ਵਿੱਚ ਪੜ੍ਹਾਉਂਦਾ ਸਾਂ ਤਾਂ ਮਹੀਨੇ ਕੁ ਬਾਅਦ ਕਿਸੇ ਨਾ ਕਿਸੇ ਬੀ.ਏ. ‘ਚ ਪੜ੍ਹਦੇ ਵਿਦਿਆਰਥੀ ਨੇ ਜਮਾਤ ਵਿੱਚ ਆਉਣਾ ਬੰਦ ਕਰ ਦੇਣਾ। ਜਦ ਕਾਰਨ ਪਤਾ ਲੱਗਣਾ ਤਾਂ ਇਹ ਹੋਣਾ ਕਿ ਉਹ ਵਿਦਿਆਰਥੀ ਵਲਾਇਤ ਜਾ ਰਿਹਾ ਹੁੰਦਾ ਸੀ। ਕੁਝ ਸਾਲਾਂ ਬਾਅਦ ਇਸ ਤਰ੍ਹਾਂ ਦੇ ਕੇਸ ਕੈਨੇਡਾ ਜਾਣ ਵਾਲ਼ੇ ਹੋਇਆ ਕਰਦੇ ਸਨ। ਇਨ੍ਹਾਂ ‘ਚ ਬਹੁਤੇ ਵਿਆਹ ਦੇ ਆਧਾਰ ਤੇ ਬਾਹਰ ਜਾਣ ਵਾਲ਼ੇ ਹੋਇਆ ਕਰਦੇ ਸਨ ਤੇ ਕੁਝ ਵਿਆਹ ਤੋਂ ਬਗੈਰ।
ਸੰਨ 65 ਤੋਂ ਲੈ ਕੇ 90 ਕੁ ਤੱਕ ਅਜਿਹੇ ਕੇਸਾਂ ਦੀ ਗਿਣਤੀ ਬਹੁਤ ਹੋਇਆ ਕਰਦੀ ਸੀ। ਇੰਗਲੈਂਡ ਤੋਂ ਮਾੜੀਆਂ ਮੋਟੀਆਂ ਤਿੰਨ ਰਾਰੇ (Three r’s – reading, writing & arithmetic) ਜਾਨਣ ਵਾਲ਼ੀਆਂ ਲੜਕੀਆਂ ਸੋਹਣੇ ਜਿਹੇ ਵਲਾਇਤੀ ਪਹਿਰਾਵੇ ਪਹਿਨ ਕੇ ਤੇ ਸੁੰਦਰਤਾ ਵਧਾਊ ਕਲਫ ਕਰੀਮਾਂ ਤੇ ਇੱਤਰ ਫਲੇਲਾਂ ਲਗਾ ਕੇ ਪੰਜਾਬ ਲਿਆਂਦੀਆਂ ਜਾਂਦੀਆਂ ਸਨ। ਥੋੜ੍ਹੀ ਜਿਹੀ ਜਾਇਦਾਦ ਦੇ ਮਾਲਕ ਕਾਮਕ ਤੌਰ ਤੇ ਭੁੱਖੇ ਬੀ. ਏ. ਤੱਕ ਪਹੁੰਚ ਰਹੇ ਜਾਂ ਮਾੜੀ ਮੋਟੀ ਐਮ. ਏ. ਕਰ ਚੁੱਕੇ ਮੁੰਡੇ ਇਸ ਪ੍ਰਕਾਰ ਦੇ ਵਰ ਉਤਾਵਲੇ ਹੋ ਕੇ ਉਡੀਕ ਰਹੇ ਹੁੰਦੇ ਸਨ। ਮਹੀਨੇ ਕੁ ਬਾਅਦ ਸੁਣਨ ਵਿੱਚ ਆਉਣਾ-ਫਲਾਣਾ ਫਲਾਣੀ ਵਲਾਇਤੋਂ ਆਈ ਕੁੜੀ ਨਾਲ਼ ਵਿਆਹ ਹੋ ਕੇ ਵਲਾਇਤ ਨੂੰ ਚੱਲਿਆ ਏ, ਫਲਾਣਾ ਕੈਨੇਡਾ ਨੂੰ ਜਾ ਰਿਹਾ ਏ। ਜੇ ਕਿਤੇ ਅਮਰੀਕਾ ਵਾਲ਼ਾ ਵਰ ਮਿਲ਼ ਜਾਣਾ ਫਿਰ ਤਾਂ ਜੱਟਾਂ ਦਾ ਸਾਰਾ ਟੱਬਰ ਖੇਤੀਬਾੜੀ ਦੇ ਸਾਰੇ ਕੰਮ ਕਾਰ ਛੱਡ ਕੇ ਮਨ ਮਨੌਤਾਂ ਕਰਨ, ਗਾਉਣ ਵਜਾਉਣ, ਖਾਣ ਪੀਣ ਜਾਂ ਮਿਲਣ ਮਿਲਾਉਣ ਵਿੱਚ ਹੀ ਹਫਤਾ ਦੋ ਹਫਤੇ ਗੁਜ਼ਾਰ ਦਿੰਦਾ। ਖੇਤਾਂ ਜਾਂ ਪਸ਼ੂਆਂ ਵਲ ਤਾਂ ਬਸ ਭਈਆਂ ਜਾਂ ਹੋਰ ਨੌਕਰ ਚਾਕਰ ਹੀ ਦਿਸਦੇ। ਘਰ ਦੇ ਮਾਲਕ ਤਾਂ ਲੋਟ ਪੋਟ ਜਾਂ ਫੇਰੇ ਤੋਰੇ ਵਿੱਚ ਹੀ ਬਾਹਰਲੇ ਮੁਲਕਾਂ ਦੀ ਕਲਪਨਾ ਕਰ ਕਰ ਕੇ ਫੂਲੇ ਨਾ ਸਮਾਉਂਦੇ। ਇਸ ਮਨੁੱਖੀ ਲਾਟਰੀ ਸਿਸਟਮ ਅਨੁਸਾਰ ਜਿਹੜੇ ਵੀ ਉਦੋਂ ਬਾਹਰ ਗਏ ਉਨ੍ਹਾਂ ਦੀ ਹਾਲਤ ਉਸ ਖੋਤੀ ਜਿਹੀ ਹੋ ਗਈ ਸੀ ਜਿਹੜੀ ਥਾਣੇਦਾਰ ਦਾ ਭਾੜਾ ਸੁੱਟ ਕੇ ਵਾਪਸ ਆਉਣ ਤੋਂ ਬਾਅਦ ਦੂਜੀਆਂ ਖੋਤੀਆਂ ਵਿੱਚ ਨਹੀਂ ਰਲ਼ਦੀ। ਪੰਜਾਬ ਵਿੱਚ ਇਸ ਪ੍ਰਕਾਰ ਦੇ ਅਰਧ ਪੜ੍ਹੇ ਮੁੰਡਿਆਂ ਨੇ ਧੱਕੇ ਖਾਣੇ ਸਨ। ਜੇ ਖੇਤੀ ਕਰਦੇ ਤਾਂ ਘਰਦਿਆਂ ਨੇ ਹਰ ਵੇਲ਼ੇ ਇਹੀ ਮਿਹਣੇ ਮਾਰਿਆ ਕਰਨੇ ਸਨ ਕਿ ਪੜ੍ਹ ਕੇ ਕੀ ਖੱਟਿਆ। ਜੇ ਕੋਈ ਨੌਕਰੀ ਕਰਦੇ ਤਾਂ ਇਹ ਨੀਵੇਂ ਦਰਜੇ ਦੀ ਹੋਣੀ ਸੀ।
ਕੰਪਿਊਟਰ ਉਦੋਂ ਅਜੇ ਹੋਂਦ ਵਿੱਚ ਆਇਆ ਨਹੀਂ ਸੀ। ਬਾਅਦ ਵਿੱਚ ਕੰਪਿਊਟਰ ਨੇ ਇਸ ਪ੍ਰਕਾਰ ਦੇ ਮਾੜੇ ਪੜ੍ਹਿਆਂ ਨੂੰ ਸੋਹਣਾ ਠੀਹੇ ਲਗਾ ਦਿੱਤਾ। ਇੰਗਲੈਂਡ ਜਾ ਕੇ ਉਹ ਸਾਧਾਰਨ ਬੰਦੇ ਵੀ ਵੱਡਿਆਂ ਘਰਾਂ ਦੇ ਕਾਕਿਆਂ ਵਿੱਚ ਗਿਣੇ ਜਾਣ ਲੱਗ ਪਏ। ਸੋਹਣੀ ਸ਼ਕਲ, ਸੋਹਣੇ ਕੱਪੜਿਆਂ ਅਤੇ ਪੌਂਡਾਂ ਦੀ ਚਮਕ ਦਮਕ ਨੇ ਉਨ੍ਹਾਂ ਨੂੰ ਪਿੱਛੇ ਰਹਿ ਗਏ ਲਾਇਕ ਤੋਂ ਲਾਇਕ ਮੁੰਡਿਆਂ ਤੋਂ ਵੀ ਅੱਗੇ ਕੱਢ ਦਿੱਤਾ। ਜੇ ਕੋਈ ਪਿੱਛੇ ਪੰਜਾਬ ‘ਚ ਰਹਿ ਕੇ ਬੈਂਕ ‘ਚ ਕਲਰਕ ਲੱਗ ਗਿਆ ਜਾਂ ਕੋਈ ਹੋਰ ਛੋਟਾ ਮੋਟਾ ਅਹੁਦਾ ਪ੍ਰਾਪਤ ਕਰ ਗਿਆ ਉਹ ਵੀ ਇਨ੍ਹਾਂ ਵਲਾਇਤੀ ਛੋਰ੍ਹਿਆਂ ਨੂੰ ਬੜ੍ਹਾ ਨੀਵਾਂ ਲਗਦਾ। ਇਹ ਵਲਾਇਤੀ ਬਾਬੂ ਪੰਜਾਬ ਵਿੱਚ ਆਪਣੇ ਹਾਣ ਦੇ ਬਣੇ ਲੈਕਚਰਾਰਾਂ, ਬੈਂਕ ਮੁਲਾਜ਼ਮਾਂ, ਸਕੂਲ ਅਧਿਆਪਕਾਂ, ਫੌਜੀ ਕਮਿਸ਼ਨਡ ਅਫਸਰਾਂ, ਵਕੀਲਾਂ ਆਦਿ ਸਭ ਨੂੰ ਆਪਣੇ ਆਪ ਤੋਂ ਨੀਵਾਂ ਸਮਝਿਆ ਕਰਦੇ ਸਨ। ਇਹ ਮੂੜ੍ਹੇ ਤੇ ਬੈਠੇ ਸਿੱਧੇ ਸੋਫੇ ਤੱਕ ਪਹੁੰਚ ਗਏ ਸਨ। ਉਸ ਸਮੇਂ ਜਿਹੜਾ ਵਿਆਹ ਪੰਜਾਬ ਦਾ ਪੰਜਾਬ ਵਿੱਚ ਹੋਣਾ ਉਹ ਤਾਂ ਰਿਹਾ ਖੂਹਾ ਵਿਆਹ ਸਮਝਿਆ ਜਾਂਦਾ ਸੀ। ਜੇ ਕੋਈ ਅਧਖੜ੍ਹ ਲਾਲ ਭਬੱਕੜ ਵਲਾਇਤ ਤੋਂ ਲਿਸ਼ਕ ਪੁਸ਼ਕ ਕੇ ਪੰਜਾਬ ਦੇ ਪਿੰਡ ਵਿੱਚ ਪਹੁੰਚੇ ਉਸਦੇ ਮੂਹਰੇ ਵਿਆਹ ਲਈ ਲੜਕੀਆਂ ਦੀਆਂ ਲਾਈਨਾਂ ਲਗ ਜਾਂਦੀਆਂ ਸਨ। ਇਹ ਵਰਤਾਰਾ ਦੋਆਬੇ ਦੇ ਹੁਸ਼ਿਆਰਪੁਰ ਤੇ ਜਲੰਧਰ ਜਿਲ੍ਹਿਆਂ ਵਿੱਚ ਤਾਂ ਬੋਦੀ ਵਾਲ਼ੇ ਵਾਵਰੋਲ਼ੇ ਵਾਂਗ ਤੜਥੱਲੀ ਮਚਾਉਂਦਾ ਹੁੰਦਾ ਸੀ।
ਮੇਰੇ ਦੂਰ ਦੇ ਰਿਸ਼ਤੇਦਾਰਾਂ ਚੋਂ ਇੱਕ ਸੋਹਣੀ ਸੁਨੱਖੀ ਐਮ.ਐਸ.ਸੀ. ਫਿਜ਼ਿਕਸ ਲੜਕੀ ਉਦੋਂ ਇੰਗਲੈਂਡ ਤੋਂ ਆਏ ਅੱਠਵੀਂ ਪਾਸ 35 ਸਾਲ ਦੇ ‘ਮੁੰਡੇ’ ਨਾਲ਼ ਵਿਆਹ ਦਿੱਤੀ ਸੀ।ਇਹ ਗੱਲ ਵੱਖਰੀ ਹੈ ਕਿ ਕੁਝ ਸਾਲਾਂ ਬਾਅਦ ਇਨ੍ਹਾਂ ਮੁੰਡਿਆਂ ਵਿੱਚੋਂ ਕਈ ਢਲ਼ਦੀ ਜਵਾਨੀ ਵਲ ਨੂੰ ਵਧਦੇ ਹੋਇਆਂ ਨੂੰ ਇਵੇਂ ਮਹਿਸੂਸ ਕਰਦੇ ਵੀ ਦੇਖਿਆ ਗਿਆ ਜਿਵੇਂ ਇਨ੍ਹਾਂ ਦਾ ਵਿਆਹ ਕਿਸੇ ਪੱਪੋ, ਰਿੱਚੀ, ਜੂਲੀਅਟ, ਪ੍ਰਿੰਸੀ, ਪਾਰੋ, ਪ੍ਰੀਤੀ ਤੇ ਜੂਲੀ (ਵਿਆਹ ਤੋਂ ਬਾਅਦ ਰੱਖੇ ਗਏ ਨਾਮ) ਨਾਲ਼ ਨਾ ਹੋਇਆ ਹੋਵੇ। ਹੁਣ ਇਹ ਪੱਕੜ ਔਰਤਾਂ ਮੇਕਅੱਪ ਤੋਂ ਬਗੈਰ ਇਨ੍ਹਾਂ ਮਰਦਾਂ ਨੂੰ ਡਫਰੇ ਤੇ ਖੱਪੜ ਜਿਹੇ ਲੱਗਣ ਲੱਗ ਪਈਆਂ ਸਨ। ਜਦ ਤੱਕ ਚੁੱਪ ਬੈਠੀਆਂ ਹੁੰਦੀਆਂ ਉਦੋਂ ਤੱਕ ਕੁਝ ਠੀਕ ਲਗਦੀਆਂ। ਜਦ ਮੂੰਹ ਖੋਲਦੀਆਂ ਤਾਂ ਨਿਰੀਆਂ ਅਨਪੜ੍ਹ ਪੇਂਡੂ ਪੰਜਾਬਣਾ ਦੇਬੋ, ਮੀਤੋ, ਜੈਲੋ, ਮਿੰਦੀ, ਜੁਗਿੰਦਰੋ, ਜਗੀਰੋ ਤੇ ਭੱਜੋ ਜਿਹੀਆਂ ਲਗਦੀਆਂ।
ਇੰਗਲੈਂਡ ਦੀ ਆਬੋ ਹਵਾ ਠੰਢੀ ਤੇ ਪ੍ਰਦੂਸ਼ਣ ਰਹਿਤ ਹੋਣ ਕਰਕੇ ਜਿਹੜੇ ਨੌਜਵਾਨ ਪੰਜਾਬ ਦੇ ਤਪਦੇ ਵਾਤਾਵਰਨ ਚੋਂ ਉਦੋਂ ਉੱਥੇ ਨੂੰ ਗਏ ਉਨ੍ਹਾਂ ਦੇ ਰੰਗ ਅੰਤਾਂ ਦੇ ਗੋਰੇ ਹੋ ਗਏ। ਉੱਧਰ ਲਿਸ਼ਕਦੀਆਂ ਪਤਲੂਣਾਂ ਕਮੀਜਾਂ ਤਾਂ ਮਿਲ਼ ਹੀ ਜਾਂਦੀਆਂ ਸਨ। ਟੈਰੀਲੀਨ ਆਮ ਪ੍ਰਚਲਤ ਸੀ। ਜਦ ਇਸ ਬੌਚਰਾਂ ਦੇ ਆਧਾਰ ਤੇ ਪਿਛੜੇ ਪੇਂਡੂ ਮਾਪਿਆਂ ਨਾਲ਼ ਬਚਪਨ ਵਿੱਚ ਵਲਾਇਤ ਨੂੰ ਗਏ ਹੋਏ ਜਵਾਕ ਜਵਾਨੀ ਦੀ ਦਹਿਲੀਜ਼ ਤੇ ਪਹੁੰਚ ਕੇ ਲਿਸ਼ਕ ਪੁਸ਼ਕ ਕੇ ਪੰਜਾਬ ਪਹਿਲਾ ਗੇੜਾ ਮਾਰਦੇ ਤਾਂ ਪਿੰਡ ਵਿੱਚ ਤਾਂ ਹਨੇਰੀ ਜਿਹੀ ਆ ਜਾਂਦੀ। ਤੀਵੀਆਂ ਆਮ ਕਹਿੰਦੀਆਂ ਸੁਣੀਆਂ ਜਾ ਸਕਦੀਆਂ ਸਨ- “ਨੀ ਵੱਢ ਖਾਣਿਆਂ ਦੇ ਨੰਜੂ ਦਾ ਮੁੰਡਾ ਵਲਾਇਤੋਂ ਆਇਆ ਏ। ਦੇਖ ਕੇ ਭੁੱਖ ਲਹਿੰਦੀ ਏ। ਬੋਚ ਲਓ ਜੇ ਬੋਚ ਹੁੰਦਾ! ਰਾਮ ਗਲੋਲੀਆਂ ਦੀ ਮਿੰਦੋ ਦਿਖਾ ਦਿਓ। ਲੰਮੀ ਲੰਝੀ, ਸੋਹਣੀ ਸੁਨੱਖੀ ਏ। ਸ਼ਾਇਦ ਪਸੰਦ ਆ ਹੀ ਜਾਵੇ। ਪੜ੍ਹੀਓ ਵੀ ਏ। ਸਣਿਐਂ ਦਸਵੀਂ ਕਰਕੇ ਕੋਈ ਕੋਰਸ ਵੀ ਕਰ ਚੁੱਕੀ ਏ।”
ਪੰਜਾਬ ਤੋਂ ਖਰ੍ਹਵੇਂ ਤੇ ਅਣਘੜਤ ਵਲਾਇਤ ਨੂੰ ਗਏ ਜਵਾਕਾਂ ਤੇ ਜਿਓਂ ਹੀ ਜਵਾਨੀ ਆਈ ਤਾਂ ਮਾਹੌਲ ਅਤੇ ਜਲਵਾਯੂ ਨੇ ਇਨ੍ਹਾਂ ਦੇ ਰੰਗ ਨਿਖਾਰ ਦਿੱਤੇ।
‘ਵੈਸੇ ਵੀ ਜਦ ਹੁਸਨ ਆਤਾ ਹੈ
ਤੋ ਨਜ਼ਾਕਤ ਆ ਹੀ ਜਾਤੀ ਹੈ।’
ਕੱਪੜੇ ਪਹਿਨਣ ਦਾ ਸਲੀਕਾ ਇਨ੍ਹਾਂ ਨੂੰ ਆ ਹੀ ਗਿਆ। ਲਿਸ਼ਕਦੀਆਂ ਪੁਸ਼ਕਦੀਆਂ ਪਿੰਨਾਂ ਵਾਲ਼ੀਆਂ ਨੈਕਟਾਈਆਂ ਲਾਈ ਸੋਨੇ ਦੀ ਚੇਨ ਵਾਲ਼ੀਆਂ ਘੜੀਆਂ ਪਹਿਨੀ ਤੇ ਕੈਂਠੇ ਕੜੇ ਪਾਈ ਜਦ ਇਹ ਆਪਣੇ ਪਿੰਡੀਂ ਰਸੂਲਪੁਰ, ਕਰਿਆਮ, ਮੋਰਾਂਵਾਲ਼ੀ, ਖਰੜ, ਚਾਹਲਪੁਰ ਤੇ ਖੁਸ਼ਹਾਲਪੁਰ ਪਹੁੰਚੇ ਤਾਂ ਦੇਖਣ ਨੂੰ ਲੱਗਣ ਹੀ ਨਾ ਕਿ ਇਹ ਭੈਂਗਿਆਂ ਕੇ ਜੈਲੀ ਦੇ, ਬੋਤੀ ਆਲ਼ਿਆਂ ਦੇ ਭਾਗੂ ਦੇ, ਮਹਿਰੂਆਂ ਦੇ ਭੱਜੀ ਦੇ, ਲੱਸੀ ਪੀਣਿਆਂ ਦੇ ਹਰੀ ਦੇ, ਖੁਆੜੀ ਆਲ਼ਿਆਂ ਦੇ ਕੇਵਲ ਦੇ ਤੇ ਭੂਤਨਿਆਂ ਦੇ ਭੱਜੂ ਦੇ ਉਹੀ ਮੁੰਡੇ ਸਨ ਜਿਹੜੇ 8-10 ਸਾਲ ਪਹਿਲਾਂ ਪੰਜਾਬ ਤੋਂ ਵਲਾਇਤ ਨੂੰ ਗਏ ਸਨ। ਆਬੋ ਹਵਾ ਨੇ ਰੰਗ ਗੋਰਿਆਂ ਜਿਹੇ ਚਿੱਟੇ ਕਰ ਦਿੱਤੇ। ਸੋਹਣੇ ਵਲਾਇਤੀ ਪਹਿਰਾਵੇ ਸੋਨੇ ਤੇ ਸੁਹਾਗਾ ਬਣ ਗਏ। ਵਲਾਇਤ ਵਿੱਚ ਇਲੈਕਟ੍ਰੌਨਿਕ ਦੀਆਂ ਚੀਜ਼ਾਂ ਵਸਤਾਂ ਤਾਂ ਬੜੀਆਂ ਸੋਹਣੀਆਂ ਸੋਹਣੀਆਂ ਮਿਲਣ ਲੱਗ ਹੀ ਪਈਆਂ ਸਨ। ਜਦ ਕਿਸੇ ਬਾਹਰੋਂ ਆਏ ਮੁੰਡੇ ਦਾ ਵਿਆਹ ਹੋਣਾ ਤਾਂ ਲਾਵਾਂ ਵੇਲ਼ੇ ਟੇਪ ਰਿਕਾਰਡ ਬੀੜ ਮੂਹਰੇ ਜਰੂਰ ਰੱਖਿਆ ਹੋਇਆ ਹੁੰਦਾ ਸੀ ਤਾਂ ਕਿ ਲਾਵਾਂ, ਕੀਰਤਨੀਆਂ ਜਾਂ ਢਾਡੀਆਂ ਦੀ ਪੇਸ਼ਕਾਰੀ ਰਿਕਾਰਡ ਹੋ ਸਕੇ। ਇਨ੍ਹਾਂ ਦਰਜ਼ੀ ਦੇ ਬਣਾਏ (tailor made) ਲਾੜਿਆਂ ਤੇ ਇਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਪਾਸ ਬਾਹਰੋਂ ਲਿਆਂਦੇ ਕੈਮਰੇ ਵੀ ਜਰੂਰ ਹੋਇਆ ਕਰਦੇ ਸਨ। ਪੇਂਡੂ ਜੱਟਾਂ ਜ਼ਿੰਮੀਦਾਰਾਂ ਲਈ ਇਹ ਮੁੰਡੇ ਫੋਟੋਆਂ ਖਿੱਚਦੇ ਨਵਾਂ ਤੇ ਮਨਮੋਹਣਾ ਮਾਹੌਲ ਸਿਰਜਦੇ ਸਨ। ਪੁਰਾਣੇ ਅਨਪੜ੍ਹ ਜਿਹੇ ਬੁੱਢੇ ਜਿਹੜੇ 1960-65 ਦੇ ਕਰੀਬ ਬਾਊਚਰਾਂ ਦੇ ਸਿਰ ਤੇ ਹੀ ਇੰਗਲੈਂਡ ਜਾ ਕੇ ਲੋਹਾ ਢਾਲਣ ਲਈ ਭਖਦੀਆਂ ਭੱਠੀਆਂ (foundries) ਦਾ ਸ਼ਿੰਗਾਰ ਬਣੇ ਸਨ ਉਹ ਕੁਝ ਸਾਲਾਂ ਬਾਅਦ ਵਾਪਿਸ ਪੰਜਾਬ ਗੇੜਾ ਮਾਰਨ ਵੇਲ਼ੇ ਆਪਣੇ ਨਾਲ਼ ਸੋਹਣੇ ਸੋਹਣੇ ਟਰਾਂਸਿਸਟਰ ਜਰੂਰ ਲੈ ਕੇ ਆਇਆ ਕਰਦੇ ਸਨ। ਇਨ੍ਹਾਂ ਟਰਾਂਸਿਸਟਰਾਂ ਨੇ ਵੱਡੇ ਵੱਡੇ ਰੇਡੀਓ ਸੈਟਾਂ ਨੂੰ ਢਾਅ ਲਾ ਦਿੱਤੀ ਸੀ। ਮੈਨੂੰ ਯਾਦ ਹੈ ਮੇਰੀ ਭੈਣ ਦਾ ਸਹੁਰਾ ਵਲਾਇਤ ਤੋਂ ਵਾਪਸ ਆਉਂਦਾ ਹੋਇਆ ਦੋ ਟਰਾਂਸਿਸਟਰ ਲਿਆਇਆ ਸੀ। ਜਦ ਦੋ ਕੁ ਮਹੀਨਿਆਂ ਬਾਅਦ ਉਹ ਵਾਪਿਸ ਜਾਣ ਲੱਗਾ ਤਾਂ ਮੈਂ ਉਸਨੂੰ ਮਿਲਣ ਗਿਆ। ਕਿਆ ਦੇਖਦਾ ਹਾਂ ਕਿ ਇੱਕ ਟਰਾਂਸਿਸਟਰ ਨੂੰ ਬੁੱਢੇ ਦਾ ਪੋਤਾ ਪੀਟਾ (Peter) ਰੱਸੀ ਪਾ ਕੇ ਉਸਦੀ ਗੱਡੀ ਬਣਾ ਕੇ ਵਿਹੜੇ ਵਿੱਚ ਘੜੀਸਦਾ ਫਿਰੇ। ਭਾਵ ਇਹ ਕਿ ਥੋੜ੍ਹਾ ਜਿਹਾ ਪੁਰਾਣਾ ਹੋਇਆ ਟਰਾਂਸਿਸਟਰ ਜਵਾਕ ਨੂੰ ਖੇਡਣ ਲਈ ਦੇ ਦਿੱਤਾ।
ਮੇਰੇ ਪਿੰਡ ਦਾ ਭਾਈਆ ਨਰੰਜਣ ਜਿਹੜਾ ਕਿਸੇ ਵੇਲ਼ੇ ਬਲਦਾਂ ਪਿੱਛੇ ਚਟਕਾਰੀ ਲਗਾਉਂਦਾ ਹੋਇਆ ਮੁੰਨਾ ਮੋਢੇ ਤੇ ਚੁੱਕ ਕੇ ਕੱਛਾ ਜਾਂ ਤੰਬਾ ਤਹਿਮਤ ਲਗਾ ਕੇ ਖੇਤਾਂ ਵਲ ਨੂੰ ਜਾਂਦਾ ਦੇਖਦੇ ਹੁੰਦੇ ਸੀ ਉਹ ਹੁਣ ਵਲਾਇਤ ਤੋਂ ਵਾਪਸ ਆ ਕੇ ਟੈਰੀਲੀਨ ਦੀ ਕਮੀਜ਼ ਨਾਲ ਪਿੰਨ ਵਾਲ਼ੀ ਚਮਕਦੀ ਨੈਕਟਾਈ ਤੇ ਤੇੜ ਤਿਲਕਵੀ ਪਤਲੂਨ ਪਾ ਕੇ ਮੈਨੂੰ ਯੂਨੀਵਰਸਿਟੀ ਦੇ ਬੁੱਢੇ ਪੌੋਫੈਸਰ ਜੌਹਨ ਐੱਚ. ਥੰਪਸਨ John H. Thompson ਜਿਹਾ ਲਗਦਾ ਸੀ। ਰੰਗ ਦਾ ਵੀ 19-21 ਦਾ ਹੀ ਫਰਕ ਸੀ ਕਿਉਂਕਿ ਉਹ ਬਹੁਤ ਹੀ ਗੋਰਾ ਸੀ। ਗੰਜਾ ਸਿਰ ਹੁਣ ਪੰਜਾਬ ਪਹੁੰਚਦੇ ਸਾਰ ਨੰਗਾ ਰੱਖਦਾ ਸੀ। ਥੋੜ੍ਹੇ ਦਿਨਾਂ ਬਾਅਦ ਫਿਰ ਉਹ ਸਿਰ ਤੇ ਪਗੜੀ ਜਾਂ ਪਰਨਾ ਲਪੇਟਣ ਲੱਗ ਪਿਆ ਸੀ। ਉਸਨੇ ਆਪਣੇ ਜਿਹੇ ਬਾਕੀਆਂ ਵਾਂਗ ਇੱਕ ਹੋਰ ਕੰਮ ਵੀ ਕੀਤਾ। ਨਵਾਂ ਨਕੋਰ ਹੀਰੋ ਦਾ ਸਾਈਕਲ ਖਰੀਦਿਆ। ਇਸਦੇ ਡੰਡਿਆਂ ਤੋਂ ਕਾਗਜ਼ ਵੀ ਨਹੀਂ ਲਾਹੇ। ਉਹ ਇਸਤੇ ਸ਼ਹਿਰ ਨੂੰ ਜਾਇਆ ਕਰਦਾ ਸੀ। ਜਦ ਉਹ ਛੁੱਟੀ ਕੱਟ ਕੇ ਚਲਾ ਗਿਆ ਤਾਂ ਇਹ ਬਾਈਸਾਈਕਲ ਘਰਦਿਆਂ ਲਈ ਅਰਾਮਦਾਇਕ ਵਾਹਨ ਸਾਬਿਤ ਹੋਇਆ ਕਿਉਂਕਿ ਉਹ ਗੱਡੇ ਗੱਡੀਆਂ ਤੇ ਛੋਟੇ ਮੋਟੇ ਸਫਰ ਕਰਨ ਦੇ ਆਦੀ ਸਨ। ਨਰੰਜਣ ਦੇ ਪੋਤਿਆਂ ਨੇ ਇਹਨੂੰ ਚਲਾਉਣਾ ਇਕਦਮ ਸਿੱਖ ਲਿਆ। ਇਸ ਵਾਹਨ ਨੇ ਉਨ੍ਹਾਂ ਦੇ ਜੀਵਨ ਵਿੱਚ ਤਾਂ ਇੱਕ ਤਰ੍ਹਾਂ ਦਾ ਇਨਕਲਾਬ ਹੀ ਲੈ ਆਂਦਾ।
ਇਸ ਪ੍ਰਕਾਰ ਦੇ ਬੁੱਢੇ ਬੁੱਢੀਆਂ ਦੇ ਪੁੱਤ ਪੋਤੀਆਂ ਤੇ ਨੂੰਹਾਂ ਵਲਾਇਤ ਜਾਣ ਦੇ ਕਾਗਜ਼ ਤਿਆਰ ਹੁੰਦਿਆਂ ਨੂੰ ਕਈ ਕਈ ਸਾਲ ਉਡੀਕਦੇ ਰਹਿੰਦੇ ਸਨ। ਜਦ ਪੁੱਛੋ ਤਾਂ ਇਹੀ ਜਵਾਬ ਹੁੰਦਾ ਸੀ: “ਅਸੀਂ ਤਾਂ ਬਸ ਹੁਣ ਜਹਾਜ ਚੜ੍ਹੇ ਹੀ ਸਮਝੋ। ਵਰਿਆਮੇ ਦੇ ਟੱਬਰ ਦੇ ਕਾਗਜ਼ ਆ ਗਏ, ਟਿਕਟਾਂ ਵੀ ਓ.ਕੇ. ਹੋ ਗਈਆਂ। ਲੱਛੂ ਹੋਰੀਂ ਅਗਲੇ ਹਫਤੇ ਜਾ ਰਹੇ ਆ। ਗਿੱਲਾਂ ਦਾ ਦੁੱਮਣ ਸਿਹੁੰ ਪਰਸੋਂ ਧੁਰ ਡਰਬੀ ਪਹੁੰਚ ਗਿਆ ਸੀ।”
ਉਨ੍ਹਾਂ ਦਿਨਾਂ ਵਿੱਚ ਮੇਰੇ ਕਾਲਜ ਵਿੱਚ ਇੱਕ ਹੋਰ ਹੀ ਭਾਣਾ ਵਰਤ ਗਿਆ। ਨਾਲ਼ਦੇ ਪਿੰਡ ਦੀ ਇੱਕ ਲੰਮੀ ਲੰਝੀ ਸੋਹਣੀ ਸੁਨੱਖੀ ਕੁੜੀ ਯੁਵਕ ਮੇਲੇ ਵਾਸਤੇ ਤਿਆਰ ਕੀਤੇ ਜਾ ਰਹੇ ਗਿੱਧੇ ਵਿੱਚ ਆਉਣੋਂ ਹਟ ਗਈ। ਨਾਲ਼ ਦੇ ਪਿੰਡ ਦਾ ਅਧਖੜ ਜਿਹਾ ਜੈਲਦਾਰ ਵੀ ਦੋ ਕੁ ਵਾਰ ਕਾਲਜ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਵੜਦਾ ਦੇਖਿਆ। ਪਤਾ ਲੱਗਾ ਜੈਲਦਾਰ ਦਾ ਦੁਹਾਜੂ ਮੁੰਡਾ ਵਲਾਇਤ ਹੋ ਆਇਆ ਸੀ। ਉਸਦੇ ਇਹ ਕੁੜੀ ਪਸੰਦ ਆ ਗਈ ਸੀ। ਅਸੀਂ ਚੰਗੇ ਪੈਸੇ ਖਰਚ ਕਰਕੇ ਗਿੱਧਾ ਤਿਆਰ ਕਰਵਾ ਰਹੇ ਸਾਂ। ਸਾਡੀ ਟੀਮ ਨੂੰ ਯੁਵਕ ਮੇਲੇ ਵਿੱਚ ਪਹਿਲੇ ਨੰਬਰ ਤੇ ਆਉਣ ਦੀ ਉਮੀਦ ਸੀ। ਇਸ ਕੁੜੀ ਦੇ ਸਿਰ ਤੇ ਗਿੱਧੇ ਦੀ ਪੇਸ਼ਕਾਰੀ ਅੱਵਲ ਦਰਜੇ ਦੀ ਹੋਣੀ ਸੀ। ਇਹ ਗਿੱਧੇ ਦੀ ਕੈਪਟਨ ਵੀ ਸੀ। ਉੱਧਰ ਜੈਲਦਾਰਾਂ ਨੇ ਇਹ ਨਾਦਿਰ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਕਿ ਜੈਲਦਾਰਾਂ ਦੀ ਹੋਣ ਵਾਲ਼ੀ ਨੂੰਹ ਗਿੱਧੇ ਵਿੱਚ ਹਿੱਸਾ ਨਹੀਂ ਲਵੇਗੀ। ਉਨ੍ਹਾਂ ਨੇ ਤਾਂ ਕੁੜੀ ਨੂੰ ਕਾਲਜ ਆਉਣ ਤੋਂ ਵੀ ਡੱਕ ਦਿੱਤਾ। ਸਾਡਾ ਗਿੱਧੇ ਤੇ ਕੀਤਾ ਗਿਆ ਖਰਚਾ ਅਜਾਈਂ ਗਿਆ।
ਉਨ੍ਹਾਂ ਸਾਲਾਂ ਵਿੱਚ ਵਲਾਇਤ ਦੇ ਇਸ ਪ੍ਰਕਾਰ ਦੇ ਜਾਦੂ ਨੇ ਪੰਜਾਬ ਵਿੱਚ ਖਾਸ ਕਰਕੇ ਦੋਆਬੇ ਵਿੱਚ, ਪੜ੍ਹੇ ਲਿਖੇ ਨੌਕਰੀ ਪੇਸ਼ਾ ਜਵਾਨ ਮੁੰਡਿਆਂ ਦੀ ਕੀਮਤ ਸਿਫਰ ਕਰ ਦਿੱਤੀ ਸੀ। ਉੱਧਰੋਂ ਆਈ ਮਾੜੀ ਮੋਟੀ ਪੜ੍ਹੀ ਲੜਕੀ ਪੰਜਾਬ ਚੋਂ ਸਿਰਕੱਢ ਮੁੰਡਾ ਲੈ ਜਾਂਦੀ ਸੀ। ਇੱਧਰ ਪੰਜਾਬ ਦੀ ਅੰਤਾਂ ਦੀ ਪੜ੍ਹੀ ਤੇ ਸੋਹਣੀ ਲੜਕੀ ਉੱਧਰੋਂ ਆਏ ਮਾੜੇ ਮੋਟੇ ਪੜ੍ਹੇ ਲਿਖੇ ਲੜਕੇ ਨਾਲ਼ ਵਿਆਹ ਦਿੱਤੀ ਜਾਂਦੀ ਸੀ।

(ਅਵਤਾਰ ਐਸ. ਸੰਘਾ)

sangha_avtar@hotmail.com