
ਸੜਕ ਪਰਿਵਹਨ ਮੰਤਰੀ ਪੌਲ ਟੂਲੇ ਨੇ ਜਨਤਕ ਤੌਰ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਇਸ ਵਾਰੀ ਕੋਵਿਡ-19 ਕਾਰਨ ਪਾਬੰਧੀਆਂ ਝੇਲ ਚੁਕੇ ਸਮੁੱਚੇ ਨਾਗਰਿਕਾਂ ਲਈ ਹੀ ਆਉਣ ਵਾਲਾ ਕ੍ਰਿਸਮਿਸ ਦਾ ਤਿਉਹਾਰ ਅਤੇ ਛੁੱਟੀਆਂ ਬਹੁਤ ਮਹੱਤਵਪੂਰਨ ਬਣ ਜਾਂਦੀਆਂ ਹਨ ਅਤੇ ਇਸ ਵਾਸਤੇ ਹਰ ਕੋਈ ਹੀ ਚਾਹੇਗਾ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲੇ ਅਤੇ ਕਿਸੇ ਹੋਰ ਥਾਂ ਤੇ ਜਾ ਕੇ ਆਪਣੀਆਂ ਛੁੱਟੀਆਂ ਵਤੀਤ ਕਰੇ। ਇਸ ਵਾਸਤੇ ਵਾਜਿਬ ਹੀ ਹੈ ਕਿ ਸੜਕਾਂ ਉਪਰ ਵਾਹਨਾਂ ਦੀ ਭੀੜ ਵਧੇਗੀ ਅਤੇ ਇਸ ਸਮੱਸਿਆ ਦਾ ਹੱਲ ਕਰਨ ਵਾਸਤੇ ਸਰਕਾਰ ਨੇ ਉਚੇਚੇ ਤੌਰ ਤੇ ਦਿਸੰਬਰ 18 (ਸ਼ੁਕਰਵਾਰ), 2020 ਤੋਂ ਲੈ ਕੇ ਜਨਵਰੀ 4 (ਸੋਮਵਾਰ), 2021 ਤੱਕ ਲਈ ਸੜਕੀ ਆਵਾਜਾਈ ਵਾਸਤੇ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਹਨ ਜਿਵੇਂ ਕਿ: ਸਿਡਨੀ ਦੇ ਉਤਰ ਵੱਲ ਅਤੇ ਜਾਂ ਤਰਫੋਂ ਯਾਤਰਾ ਕਰਨ ਵਾਸਤੇ ਸਵੇਰ ਦੇ 6 ਵਜੇ ਤੋਂ 9 ਵਜੇ ਤੱਕ ਦਾ ਸਮਾਂ ਉਤਮ ਦਰਸਾਇਆ ਗਿਆ ਹੈ; ਸਿਡਨੀ ਦੇ ਦੱਖਣ ਵੱਲੋਂ ਜਾਣ ਲਈ ਸਵੇਰ ਦੇ 6 ਤੋਂ 11 ਵਜੇ ਤੱਕ ਅਤੇ ਯਾ ਫੇਰ ਸ਼ਾਮ ਦੇ 6 ਵਜੇ ਤੋਂ ਬਾਅਦ ਦਾ ਸਮਾਂ ਅਤੇ ਵਾਪਸੀ ਲਈ ਸਵੇਰੇ ਦੇ 9 ਵਜੇ ਤੋਂ ਪਹਿਲਾਂ ਅਤੇ ਯਾ ਫੇਰ ਬਾਅਦ ਦੁਪਹਿਰ ਦੇ 3 ਵਜੇ ਤੋਂ ਬਾਅਦ ਦਾ ਸਮਾਂ ਉਤਮ; ਸਿਡਨੀ ਦੇ ਪੱਛਮੀ ਹਿੱਸੇ ਵੱਲੋਂ ਜਾਣ ਲਈ ਸਵੇਰੇ 6 ਵਜੇ ਤੋਂ 9 ਵਜੇ ਤੱਕ ਦਾ ਸਮਾਂ ਅਤੇ ਵਾਪਸੀ ਲਈ ਬਾਅਦ ਦੁਪਹਿਰ 3 ਵਜੇ ਦਾ ਸਮਾਂ ਉਤਮ ਦਰਸਾਇਆ ਗਿਆ ਹੈ। ਸ੍ਰੀ ਟੁਲੇ ਨੇ ਕਿਹਾ ਕਿ ਸਰਕਾਰ ਅਜਿਹੀਆਂ ਯੋਜਨਾਵਾਂ ਨੂੰ ਆਪਣੇ ਪਹਿਲਾਂ ਤੋਂ ਚਲ ਰਹੇ 107 ਬਿਲੀਅਨ ਡਾਲਰਾਂ ਦੇ ਪ੍ਰਾਜੈਕਟਾਂ ਦੇ ਤਹਿਤ ਲੈ ਰਹੀ ਹੈ ਅਤੇ ਜਨਤਕ ਸੇਵਾਵਾਂ ਵਾਸਤੇ ਹਮੇਸ਼ਾ ਤਤਪਰ ਹੈ। ਇਸ ਤਹਿਤ 15 ਬਿਲੀਅਨ ਡਾਲਰ ਦੀ ਲਾਗਤ ਪੈਸਿਫਿਕ ਹਾਈਵੇ ਨੂੰ ਬਾਇਪਾਸ ਕਰਨ ਵਾਲਾ ਨਵਾਂ ਤਿਆਰ ਕੀਤਾ ਗਿਆ ਹੈਕਜ਼ਾਮ ਤੋਂ ਕੁਈਨਜ਼ਲੈਂਡ ਬਾਰਡਰ ਵਾਲਾ ਰਾਹ ਲੋਕਾਂ ਦੀ ਸੇਵਾ ਵਿੱਚ ਤਿਆਰ ਬਰ ਤਿਆਰ ਹੈ ਅਤੇ ਇਸ ਨਾਲ 2.5 ਘੰਟੇ ਦੇ ਸਮੇਂ ਦੀ ਬਚਤ ਹੋਵੇਗੀ। ਦੱਖਣ ਹਿੱਸਿਆਂ ਵੱਲ ਯਾਤਰਾ ਕਰਨ ਲਈ ਪ੍ਰਿੰਸਿਜ਼ ਹਾਈਵੇ ਨੂੰ ਹੋਰ ਵੀ ਵਧੀਆ ਬਣਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਐਲਬਿਅਨ ਪਾਰਕ ਰੇਲ ਬਾਈਪਾਸ 2021 ਦੇ ਵਿਚਕਾਰ ਜਿਹੇ ਖੋਲ੍ਹ ਦਿੱਤਾ ਜਾਵੇਗਾ ਅਤੇ ਬੈਰੀ ਤੋਂ ਬੋਮਾਡੈਰੀ ਵਾਲਾ ਪ੍ਰਾਜੈਕਟ 50% ਤੱਕ ਮੁਕੰਮਲ (ਅੰਡਰਵੇਅ ਨਿਊ ਨੌਵਰਾ ਬ੍ਰਿਜ) ਹੋ ਗਿਆ ਹੈ। ਇਸ 4 ਬਿਲੀਅਨ ਡਾਲਰ ਦੇ ਪ੍ਰਾਜੈਕਟ ਰਾਹੀਂ ਵਿਕਟੋਰੀਆਈ ਬਾਰਡਰਾਂ ਵੱਲ ਆਵਾਜਾਈ ਹੋਰ ਵੀ ਸੁਖਾਲੀ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੰਚ 2.5 ਬਿਲੀਅਨ ਨਿਵੇਸ਼ ਰਾਹੀਂ ਸਰਕਾਰ ਹੁਣ ਕਟੂੰਬਾ ਅਤੇ ਲਿਥਗੋਅ ਵਿਚਾਲੇ ਗ੍ਰੇਟ ਵੈਸਟਰਨ ਹਾਈਵੇ ਵੀ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ ਜਿਸ ਨਾਲ ਕਿ ਪਹਾੜੀ ਇਲਾਕਿਆਂ ਅੰਦਰ ਛੁੱਟੀਆਂ ਮਨਾਉਣ ਜਾਣ ਵਾਸਤੇ ਰਾਹ ਸੌਖੇ ਹੋ ਜਾਣਗੇ। ਜ਼ਿਆਦਾ ਜਾਣਕਾਰੀ ਲਈ rms.nsw.gov.au/holiday-journeys ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।