ਹਵਾਬਾਜ਼ੀ ਅਤੇ ਘਰੇਲੂ ਸੈਰ ਸਪਾਟੇ ਲਈ 1.2 ਅਰਬ ਡਾਲਰ ਪੈਕੇਜ਼ ਦਾ ਐਲਾਨ: ਆਸਟਰੇਲੀਆ

ਜਾਬਕੀਪਰ ਪ੍ਰੋਗਰਾਮ ਦੀ ਮਾਰਚ ਵਿੱਚ ਸੰਭਾਵੀ ਸਮਾਪਤੀ(ਹਰਜੀਤ ਲਸਾੜਾ, ਬ੍ਰਿਸਬੇਨ 11 ਮਾਰਚ) ਆਸਟਰੇਲਿਆਈ ਸੰਘੀ ਸਰਕਾਰ ਨੇ ਕਰੋਨਾਵਾਇਰਸ ਮਹਾਂਮਾਰੀ ਕਾਰਨ ਬਿਮਾਰ ਪਏ ਹਵਾਬਾਜ਼ੀ ਖੇਤਰ ਅਤੇ ਘਰੇਲੂ ਸੈਰ ਸਪਾਟੇ ਨੂੰ ਅੱਗੇ ਵਧਾਉਣ ਲਈ 1.2 ਅਰਬ ਡਾਲਰ ਦੇ ਟੂਰਿਜ਼ਮ ਸਪੋਰਟ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਲਗਭਗ 800,000 ਏਅਰ ਲਾਈਨ ਦੀਆਂ ਟਿਕਟਾਂ ਦੀ ਕੀਮਤ ਨੂੰ ਅੱਧਾ ਕਰਦਿਆਂ ਇਸ ਸਾਲ ਦੌਰਾਨ ਘਰੇਲੂ ਛੁੱਟੀਆਂ ਲਈ ਅਪ੍ਰੈਲ ਤੋਂ ਜੁਲਾਈ ਦੇ ਵਿਚਕਾਰ, 13 ਖੇਤਰਾਂ ਤੋਂ ਆਉਣ ਵਾਲੀਆਂ ਅਤੇ ਹਵਾਈ ਯਾਤਰੀਆਂ ਲਈ ਟਿਕਟਾਂ ‘ਤੇ 50 ਪ੍ਰਤੀਸ਼ਤ ਦੀ ਛੂਟ ਦੀ ਪੇਸ਼ਕਸ਼ ਕੀਤੀ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਕਹਿਣਾ ਹੈ ਕਿ ਸਰਕਾਰ ਨੇ ਸੈਰ ਸਪਾਟਾ ਖੇਤਰ ਦੀ ਸਹਾਇਤਾ ਵਿੱਚ ਘਰੇਲੂ ਹਵਾਈ ਯਾਤਰਾ ਲਈ ਸਬਸਿਡੀਆਂ ਤੇ ਏਅਰਲਾਈਨਾਂ ਲਈ ਦੁਬਾਰਾ ਸਰਹੱਦਾਂ ਖੋਲ੍ਹਣ ਦਾ ਮੰਨ ਬਣਾਇਆ ਹੈ ਅਤੇ ਇਹ ਨਵਾਂ ਪੈਕੇਜ ਕੈਸ਼-ਅਪ ਆਸਟਰੇਲਿਆਈ ਲੋਕਾਂ ਨੂੰ ਉਤਸ਼ਾਹਿਤ ਕਰੇਗਾ, ਜੋ ਆਮ ਤੌਰ ‘ਤੇ ਪਤਝੜ ਅਤੇ ਸਰਦੀਆਂ ਦੇ ਦੌਰਾਨ ਬਾਲੀ ਜਾਂ ਯੂਰਪ ਜਾਂਦੇ ਹਨ, ਹੁਣ ਇਸ ਦੀ ਬਜਾਏ ਪੈਸੇ ਆਪਣੇ ਘਰ ‘ਚ ਹੀ ਖਰਚਣਗੇ। ਉਹਨਾਂ ਹੋਰ ਕਿਹਾ ਕਿ ਇਹ ਪੈਕੇਜ ਵਧੇਰੇ ਯਾਤਰੀਆਂ ਨੂੰ ਸਾਡੇ ਹੋਟਲ ਅਤੇ ਕੈਫੇ ਲੈ ਕੇ ਜਾਵੇਗਾ, ਉਹ ਯਾਤਰਾ ਕਰਨਗੇ ਅਤੇ ਸਾਡੇ ਵਿਹੜੇ ਦੀ ਖੋਜ ਕਰਨਗੇ। ਇਹ ਰਿਆਇਤੀ ਕਿਰਾਏ 1 ਅਪ੍ਰੈਲ ਤੋਂ ਏਅਰ ਲਾਈਨ ਦੀਆਂ ਵੈਬਸਾਈਟਾਂ ‘ਤੇ ਵਿਕਰੀ ਲਈ ਉਪਲਬਧ ਹੋਣਗੇ ਅਤੇ ਔਸਤਨ ਮੈਲਬਾਰਨ ਤੋਂ ਗੋਲਡ ਕੋਸਟ ਜਾਣ ਵਾਲੀ ਇਕ ਉਡਾਣ 60 ਡਾਲਰ ਤਕ ਸਸਤਾ ਹੋ ਸਕਦੀ ਹੈ ਅਤੇ ਰਸਤੇ ਵਿਚ ਆਵਾਜਾਈ ਨੂੰ 40 ਪ੍ਰਤੀਸ਼ਤ ਤੱਕ ਵਧਾ ਸਕਦੀ ਹੈ। ਉਪ ਪ੍ਰਧਾਨ ਮੰਤਰੀ ਮਾਈਕਲ ਮੈਕ ਕੋਰਮੈਕ ਅਨੁਸਾਰ ਇਹ ਪੈਕੇਜ ਸਾਡੇ ਲੋਕਾਂ ਨੂੰ ਘਰੇਲੂ ਯਾਤਰਾ ਕਰਨ ਲਈ ਉਤਸ਼ਾਹਿਤ ਕਰਨ ਤੋਂ ਇਲਾਵਾ ਸਾਡੀਆਂ ਕੌਮਾਂਤਰੀ ਏਅਰਲਾਈਨਾਂ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚੇ ਦੀ ਕਾਰਜਸ਼ੀਲਤਾ ‘ਚ ਵਾਧਾ ਕਰੇਗਾ। ਦੱਸਣਯੋਗ ਹੈ ਕਿ ਕੌਮਾਂਤਰੀ ਹਵਾਬਾਜ਼ੀ ਦੀ ਮੁੜ ਬਹਾਲੀ ਸਮੇਂ ਕਵਾਂਟਾਸ ਅਤੇ ਵਰਜਿਨ ਨੂੰ 8,600 ਅੰਤਰਰਾਸ਼ਟਰੀ ਫਲਾਈਟ ਕਰਮਚਾਰੀਆਂ ਲਈ ਨੌਕਰੀ ਅਤੇ ਜਹਾਜ਼ਾਂ ਨੂੰ ਦੁਬਾਰਾ ਸੇਵਾ ਸ਼ੁਰੂ ਕਰਨ ਲਈ ਸਰਕਾਰ ਇਸੇ ਪਾਕੇਜ਼ ‘ਚੋਂ ਸਹਾਇਤਾ ਪ੍ਰਦਾਨ ਕਰੇਗੀ। ਉੱਧਰ ਸੈਰ ਸਪਾਟਾ ਦੇ ਬੁਲਾਰੇ ਡੌਨ ਫਰੈਲ ਨੇ ਕਿਹਾ ਕਿ ਮੌਰੀਸਨ ਸਰਕਾਰ ਨਕਦ ਪਰੇਸ਼ਾਨ ਪਰਿਵਾਰਾਂ ਨੂੰ ਆਸਟਰੇਲੀਆ ਦੇ ਸੈਰ ਸਪਾਟਾ ਉਦਯੋਗ ਨੂੰ ਬਚਾਉਣ ਲਈ ਆਪਣਾ ਪੈਸਾ ਖਰਚ ਕਰਨ ਲਈ ਕਹਿ ਰਹੀ ਹੈ ਜਦੋਂ ਉਹ ਖੁਦ ਅਜਿਹਾ ਕਰਨ ਲਈ ਤਿਆਰ ਨਹੀਂ ਹੈ। ਪਰ ਸਰਕਾਰ ਦਾ ਮੰਨਣਾ ਹੈ ਕਿ ਘਰੇਲੂ ਯਾਤਰਾ ਯੋਜਨਾ ਦੀ ਸਫਲਤਾ ਇਸ ਗੱਲ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਕਿ ਸੰਬੰਧਿਤ ਸੂਬਿਆਂ ਦੇ ਮੁੱਖ ਮੰਤਰੀ (ਪ੍ਰੀਮੀਅਰ) ਆਪਣੇ ਰਾਜ ਦੀਆਂ ਸਰਹੱਦਾਂ ਨੂੰ ਭਵਿੱਖ ‘ਚ ਖੁੱਲ੍ਹਾ ਰੱਖਣ ਅਤੇ ਯਾਤਰੀ ਸੇਵਾਵਾਂ ਲਈ ਵਧੇਰੇ ਤਤਪਰ ਰਹਿਣ। ਗੌਰਤਲਬ ਹੈ ਕਿ ਆਸਟਰੇਲੀਆ ‘ਚ ਜਾਬਕੀਪਰ ਪ੍ਰੋਗਰਾਮ ਦੀ ਸੰਭਾਵੀ ਸਮਾਪਤੀ ਮਾਰਚ ਮਹੀਨੇ ਦੇ ਅੰਤ ‘ਚ ਹੋਣ ਜਾ ਰਹੀ ਹੈ।

Install Punjabi Akhbar App

Install
×