ਬੇਟੇ ਦੇ ਵਿਆਹ ‘ਚ ਕੀਤੀ ਅਬਰਾਹਮ ਲਿੰਕਨ ਦੀ ਜੀਵਨੀ ਰਿਲੀਜ਼, ਅਤੇ ਪੌਦੇ ਲਾ ਕੇ ਨਵੀਂ ਪਿਰਤ ਪਾਈ

kitab rileisਕੁੱਝ ਲੋਕ ਸਮਾਜ ਹਮੇਸ਼ਾ ਨਵੀਆਂ ਅਤੇ ਨਰੋਈ ਕਿਸਮ ਦੀ ਰਵਾਇਤਾਂ ਕਾਇਮ ਕਰ ਕੇ ਤੰਦਰੁਸਤ ਅਤੇ ਨਰੋਆ ਸਿਰਜਣ ਦੀਆਂ ਕੋਸ਼ਿਸ਼ਾਂ ਵਿਚ ਮਸਰੂਫ਼ ਰਹਿੰਦੇ ਹਨ। ਕੁਦਰਤ ਪ੍ਰੇਮੀ ਅਤੇ ਵਿਗਿਆਨਕ ਵਿਚਾਰਧਾਰਾ ਦੇ ਲੇਖਕ ਅਮਰਜੀਤ ਢਿੱਲੋਂ ਗੋਬਿੰਦਗੜ੍ਹ (ਦਬੜ੍ਹੀਖਾਨਾ) ਨੇ ਆਪਣੇ ਕੈਨੇਡੀਅਨ ਬੇਟੇ ਮਨੋਹਰਦੀਪ ਢਿੱਲੋਂ ਦੇ ਵਿਆਹ ਸਮੇਂ ਇਸ ਤਰ੍ਹਾਂ ਹੀ ਕਰਨ ਦਾ ਯਤਨ ਕੀਤਾ। ਸਭ ਤੋਂ ਪਹਿਲਾਂ ਉਹਨਾਂ ਇਹ ਵਿਆਹ ਬਿਨਾ ਕਿਸੇ ਦਾਜ ਦਹੇਜ ਦੇ ਕੀਤਾ ਜਦੋਂ ਕਿ ਅੱਜ ਕੱਲ੍ਹ ਕੈਨੇਡੀਅਨ ਲੜਕਿਆਂ ਦੇ ਮਾਤਾ ਪਿਤਾ ਬੋਲੀ ਲਾਉਂਦੇ ਹਨ ਅਤੇ 50- 50 ਲੱਖ ਰੁਪਏ ‘ਚ ਸੌਦੇ ਹੁੰਦੇ ਹਨ। ਲੜਕੀ ਅਮਨਦੀਪ ਕੌਰ ਮਾਨ ਜੋ ਕਿ ਲੈਕਚਰਾਰ ਹੈ ਲੜਕੇ ਦੀ ਆਪਣੀ ਪਸੰਦ ਸੀ ਅਤੇ ਮਨੋਹਰਦੀਪ ਢਿੱਲੋਂ ਕੈਨੇਡਾ ‘ਚ ਕੰਪਿਊਟਰ ਅਪਰੇਟਰ ਅਤੇ ਇੱਕ ਟਰੱਕਿੰਗ ਕੰਪਨੀ ਸੁਪਰਵਾਈਜ਼ਰ ਹੈ ਜੋ ਲੜਕੀ ਦੀ ਪਸੰਦ ਸੀ।  ਫਗਵਾੜਾ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਖੇ ਸਿੱਖੀ ਰਹਿਤ ਮਰਿਆਦਾ ਅਨੁਸਾਰ ਅਨੰਦ ਕਾਰਜ ਕਰਨ ਤੋਂ ਬਾਦ ਸਭ ਤੋਂ ਪਹਿਲਾਂ ਇਸ ਜੋੜੀ ਨੇ ਗੁਰਦਵਾਰਾ ਸਾਹਿਬ ਦੇ ਵਿਹੜੇ ‘ਚ ਦਸਹਿਰੀ ਅੰਬ ਦੇ ਬੂਟੇ ਲਾਏ, ਇਹ ਬੂਟੇ ਉਹ ਪਿੰਡੋਂ ਹੀ ਨਾਲ  ਲੈ ਕੇ ਗਏ ਸਨ।
ਉਸ ਤੋਂ ਬਾਦ ਨਵੀਂ ਕਿਤਾਬ ਰਿਲੀਜ਼ ਕਰਨ ਦੀ ਰਸਮ ਕੀਤੀ ਗਈ। ਲੇਖਕ ਅਮਰਜੀਤ ਢਿੱਲੋਂ ਨੇ ਆਪਣੀ ਨਵੀਂ ਕਿਤਾਬ ਇਹਨਾਂ ਦੋਵਾਂ ਬੱਚਿਆਂ( ਨੂੰਹ ਰਾਣੀ ਅਮਨਦੀਪ ਕੌਰ  ਅਤੇ ਬੇਟੇ ਮਨੋਹਰਦੀਪ ਢਿੱਲੋਂ) ਦੇ ਨਾਮ ਸਮਰਪਿਤ ਕੀਤੀ ਹੈ ਅਤੇ ਇਹਨਾਂ ਦੇ ਸ਼ਗਨ ਮੌਕੇ ਹਾਜ਼ਰ ਸ਼ਖ਼ਸੀਅਤਾਂ ਤੋਂ ਹੀ  ਇਹ ਕਿਤਾਬ ਰਿਲੀਜ਼ ਕਰਵਾਈ ਗਈ। ਇਹ ਕਿਤਾਬ ਗ਼ੁਲਾਮ ਪ੍ਰਥਾ ਦਾ ਖ਼ਾਤਮਾ ਕਰਨ ਵਾਲੇ ( ਲੱਕੜਹਾਰੇ ਮਜ਼ਦੂਰ ਤੋਂ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚੇ) ਅਮਰੀਕਾ ਦਾ ਪਿਤਾਮਾ ਕਹਾਉਣ ਵਾਲੇ ਮਹਾਨ ਵਿਅਕਤੀ ਅਬਰਾਹਮ ਲਿੰਕਨ ਬਾਰੇ ਹੈ , ਜੋ ਜ਼ਿੰਦਗੀ ‘ਚ ਸੰਘਰਸ਼ ਕਰਨ ਅਤੇ ਸੱਚਾ ਸੁੱਚਾ ਮਨੁੱਖ ਬਣਨ ਦੀ ਪ੍ਰੇਰਨਾ ਦਿੰਦੀ ਹੈ। ਸਮੁੱਚੀ ਬਰਾਤ ‘ਚ ਪੜ੍ਹੇ ਲਿਖੇ ਵਿਅਕਤੀਆਂ ਨੂੰ ਇਹ ਪੁਸਤਕ ਤੋਹਫ਼ੇ ਦੇ ਤੌਰ ‘ਤੇ ਦਿੱਤੀ ਗਈ। ਪਿੰਡ ਦਬੜ੍ਹੀਖਾਨਾ ਪਹੁੰਚਣ ‘ਤੇ ਵੀ ਇਸ ਜੋੜੀ ਵੱਲੋਂ ਪਿੰਡ ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਆਮਰਪਾਲੀ ਅੰਬ ਦੇ ਪੌਦੇ ਲਗਾਏ ਗਏ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ  ਕੈਨੇਡਾ ਦੇ ਪੱਕੇ ਵਸਨੀਕ ਲੜਕੇ ਵੱਲੋਂ ਅਤੇ ਉਸ ਦੇ ਪਿਤਾ ਵੱਲੋਂ ਬਿਨਾ ਕਿਸੇ ਦਾਜ ਦੇ ਵਿਆਹ ਕਰਨ, ਇਸ ਮੌਕੇ ਪੌਦੇ ਲਾਉਣ ਅਤੇ ਕਿਤਾਬ ਰਿਲੀਜ਼ ਕਰਨ ਵਰਗੇ ਨਿਵੇਕਲੇ ਕਦਮ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਲੇਖਕ ਪਾਠਕ ਮੰਚ ਬਾਜਾਖਾਨਾ ਦੇ ਪ੍ਰਧਾਨ ਵਾਸਦੇਵ ਸ਼ਰਮਾ, ਗਾਇਕ ਅਦਾਕਾਰ ਹਰਭਜਨ ਮਾਨ ਦੇ ਮਾਮਾ ਅਤੇ ਆਪ ਆਗੂ ਨਛੱਤਰ ਸਿੰਘ ਸਿੱਧੂ, ਉਜਾਗਰ ਸਿੰਘ ਢਿੱਲੋਂ ਭਗਤਾ ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਸਲਾਹਕਾਰ ਕਮੇਟੀ ਮੈਂਬਰ ਜੀਤ ਸਿੰਘ ਗਿੱਲ,ਪੰਜਾਬੀ ਸਾਹਿਤ ਸਭਾ ਜੈਤੋ ਦੇ ਪ੍ਰਧਾਨ ਦਰਸ਼ਨ ਸਿੰਘ ਬਲ੍ਹਾੜੀਆ, ਹੰਸ ਰਾਜ ਵਿੱਦਿਅਕ ਸੰਸਥਾਵਾਂ ਬਾਜਾਖਾਨਾ ਦੇ ਐਮ ਡੀ ਉਪਿੰਦਰ ਸ਼ਰਮਾ,ਅਗਰਵਾਲ ਸਭਾ ਬਾਜਾਖਾਨਾ ਦੇ ਪ੍ਰਧਾਨ ਜੀਵਨ ਗਰਗ,ਗੋਬਿੰਦਗੜ੍ਹ ਦੇ ਸਰਪੰਚ ਗੁਰਦਿਤ ਸਿੰਘ ਢਿੱਲੋਂ,ਗੁਰਪ੍ਰੀਤ ਮਾਨ ਮੌੜ, ਸੁਖਦਰਸ਼ਨ ਸਿੰਘ ਦਾਰਾ ,ਗੁਰਮੀਤ ਸਿੰਘ ਬਰਾੜ ਜੈਤੋ,ਗੁਰਜੰਟ ਸਿੰਘ ਪੁੰਨੀ ਅਤੇ ਹੋਰ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।

(ਹਰਮਨਪ੍ਰੀਤ ਢਿੱਲੋਂ) ਬਾਜਾਖਾਨਾ

bajakhanacity@gmail.com  ;  mannoodhillon@gmail.com

Install Punjabi Akhbar App

Install
×