
(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਪੋਸਟ ਵਿਭਾਗ ਦੇ ਮੁੱਖ ਅਹੁਦੇਦਾਰਾਂ ਨੂੰ ਚਾਰ ਘੜੀਆਂ ਤੋਹਫਿਆਂ ਵਿੱਚ ਮਿਲਣ ਕਾਰਨ ਮਚਿਆ ਬਵਾਲ ਹੋਰ ਵੀ ਭਖਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਘੜੀਆਂ ਦੀ ਦੱਸੀ ਗਈ ਕੀਮਤ ਅਸਲ ਵਿੱਚ ਸਹੀ ਨਹੀਂ ਹੈ ਅਤੇ ਇਹ ਕੀਮਤ ਪਹਿਲਾਂ ਦੱਸੀ ਗਈ ਕੀਮਤ ਤੋਂ ਕਿਤੇ ਜ਼ਿਆਦਾ ਹੈ। ਅਸਲ ਵਿੱਚ ਕੈਬਨਿਟ ਵਿੱਚ ਦੱਸਿਆ ਗਿਆ ਸੀ ਕਿ ਉਕਤ ਚਾਰ ਘੜੀਆਂ 12,000 ਡਾਲਰਾਂ ਦੀਆਂ ਹਨ ਅਤੇ ਹਰ ਇੱਕ ਦੀ ਕੀਮਤ ਲੱਗਭਗ 3,000 ਡਾਲਰਾਂ ਦੇ ਬਰਾਬਰ ਹੈ ਪਰੰਤੂ ਹੁਣ ਪੜਤਾਲ ਵਿੱਚ ਪੋਸਟ ਵਿਭਾਗ ਦੇ ਪੋਸਟ ਚੇਅਰ ਲੂਸੀਓ ਡੀ ਬਾਰਟੋਲੋਮੀਓ ਵੱਲੋਂ ਪਤਾ ਲਗਾਇਆ ਗਿਆ ਹੈ ਕਿ ਉਕਤ ਘੜੀਆਂ 7,000 ਡਾਲਰ, 4,750 ਡਾਲਰ, 4,400 ਡਾਲਰ ਅਤੇ 3,800 ਡਾਲਰ ਦੀਆਂ ਅਤੇ ਇਨ੍ਹਾਂ ਦੀ ਕੁੱਲ ਕੀਮਤ 19,950 ਡਾਲਰ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਘੜੀਆਂ ਦੇ ਤੋਹਫਿਆਂ ਨੂੰ, ‘ਸ੍ਰੀਮਤੀ ਹੋਲਗੇਟ ਦੇ ਕਹਿਣ ਉਪਰ’ ਪੋਸਟ ਵਿਭਾਗ ਵੱਲੋਂ ਅਧਿਕਾਰਕ ਰੂਪ ਵਿੱਚ ਸਵੀਕਾਰ ਵੀ ਨਹੀਂ ਕੀਤਾ ਗਿਆ ਅਤੇ ਇਨ੍ਹਾਂ ਦੇ ਲੈਣ ਬਦਲੇ ਕੋਈ ਹਸਤਾਖਰ ਆਦਿ ਵੀ ਨਹੀਂ ਕੀਤੇ ਗਏ। ਪੜਤਾਲ ਜਾਰੀ ਹੈ ਅਤੇ ਇਸ ਵਿੱਚ ਕਈ ਹੋਰ ਤੱਥ ਵੀ ਸਾਹਮਣੇ ਆ ਸਕਦੇ ਹਨ।