ਆਸਟ੍ਰੇਲੀਆਈ ਅੰਤਰ-ਰਾਸ਼ਟਰੀ ਬਾਰਡਰ ਅਗਲੇ ਹੋਰ ਤਿੰਨ ਮਹੀਨਿਆਂ ਲਈ ਹੋਏ ਬੰਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਮੰਤਰੀ, ਸ੍ਰੀ ਗਰੈਗ ਹੰਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ, ਲਗਾਤਾਰ ਬੀਤੇ 12 ਮਹੀਨਿਆਂ ਤੋਂ ਬੰਦ ਪਈ ਅੰਤਰ-ਰਾਸ਼ਟਰੀ ਆਵਾਜਾਈ ਤੋਂ ਬਾਅਦ ਹੁਣ ਕਰੋਨਾ ਦੇ ਖਤਰਿਆਂ ਨੂੰ ਦੇਖਦਿਆਂ ਹੋਇਆਂ, ਆਸਟ੍ਰੇਲੀਆਈ ਅੰਤਰ-ਰਾਸ਼ਟਰੀ ਬਾਰਡਰਾਂ ਦਾ ਬੰਦ ਅਗਲੇ ਹੋਰ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ ਅਤੇ ਹੁਣ ਇਹ ਬਾਰਡਰ 17 ਜੂਨ, 2021 ਤੱਕ ਬੰਦ ਰਹਿਣਗੇ। ਵੈਸੇ ਮੌਜੂਦਾ ਸਮਿਆਂ ਅੰਦਰ ਵੀ 40,000 ਤੋਂ ਵੱਧ ਅਜਿਹੇ ਆਸਟ੍ਰੇਲੀਆਈ ਨਾਗਰਿਕ, ਸੰਸਾਰ ਦੇ ਦੂਸਰੇ ਦੇਸ਼ਾਂ ਵਿੱਚ ਫਸੇ ਹੋਏ ਹਨ ਅਤੇ ਹੁਣ ਉਨ੍ਹਾਂ ਨੂੰ ਅਜਿਹੀ ਹਾਲਤ ਵਿੱਚ ਇੱਕ ਸਾਲ ਦਾ ਸਮਾਂ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਕਰੋਨਾ ਦੀ ਮਾਰ ਕਾਰਨ ਬੰਦ ਕੀਤੇ ਗਏ ਅੰਤਰ-ਰਾਸ਼ਟਰੀ ਬਾਰਡਰਾਂ ਨੂੰ ਹੁਣ ਇਸ ਸਾਲ 17 ਮਾਰਚ ਨੂੰ ਖੋਲ੍ਹਣਾ ਸੀ ਪਰੰਤੂ ਹੁਣ ਇਨ੍ਹਾਂ ਨੂੰ ਖੋਲ੍ਹਣ ਦਾ ਸਮਾਂ 3 ਮਹੀਨਿਆਂ ਲਈ ਹੋਰ ਅੱਗੇ ਪਾ ਦਿੱਤਾ ਗਿਆ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਇਹ ਸਭ ਜਨਤਕ ਭਲਾਈ ਲਈ ਹੀ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਦੇ ਇਨਫੈਕਸ਼ਨ ਨੂੰ ਰੋਕਿਆ ਜਾ ਸਕੇ। ਇਸ ਸਮੇਂ ਸਿਰਫ ਆਸਟ੍ਰੇਲੀਆਈ ਨਾਗਰਿਕ, ਪੱਕੇ ਨਾਗਰਿਕ ਅਤੇ ਨਜ਼ਦੀਕੀ ਪਰਵਾਰਕ ਮੈਂਬਰ ਜੋ ਕਿ ਬਾਹਰਲੇ ਦੇਸ਼ਾਂ ਅੰਦਰ ਕਰੋਨਾ ਕਾਰਨ ਫਸੇ ਹੋਏ ਹਨ, ਨੂੰ ਹੀ ਦੇਸ਼ ਅੰਦਰ ਆਉਣ ਦੀ ਇਜਾਜ਼ਤ ਮਿਲ ਰਹੀ ਹੈ ਅਤੇ ਉਹ ਵੀ ਤਾਂ ਜੇਕਰ ਉਹ 14 ਦਿਨਾਂ ਦਾ ਕੁਆਰਨਟੀਨ ਸਮਾਂ ਪੂਰਾ ਕਰਦੇ ਹਨ…।
ਨਵੀਆਂ ਪਾਬੰਧੀਆਂ ਜਹਾਜ਼ੀ ਆਵਾਜਾਈ ਦੇ ਨਾਲ ਨਾਲ ਹੁਣ ਉਨ੍ਹਾਂ ਕਰੂਜ਼ ਸ਼ਿਪਾਂ ਉਪਰ ਵੀ ਲਾਗੂ ਰਹੇਗੀ ਜੋ ਕਿ ਆਸਟ੍ਰੇਲੀਆ ਅੰਦਰ ਦਾਖਿਲ ਹੋਣ ਲਈ ਆਉਂਦੇ ਹਨ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਪਿੱਛਲੇ ਮਹੀਨੇ ਇੱਕ ਬਿਆਨ ਵਿੱਚ ਦੱਸਿਆ ਸੀ ਕਿ ਕਰੋਨਾ ਤੋਂ ਬਾਅਦ ਜਦੋਂ ਦੀ ਅੰਤਰ-ਰਾਸ਼ਟਰੀ ਆਵਾਜਾਈ ਸ਼ੁਰੂ ਕੀਤੀ ਗਈ ਹੈ ਤਾਂ 211,000 ਲੋਕ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਸਭ ਨੂੰ ਹੀ ਹੋਟਲ ਕੁਆਰਨਟੀਨ ਵਾਲੇ ਮਾਹੌਲ ਵਿੱਚੋਂ ਲਾਜ਼ਮੀ ਗੁਜ਼ਰਨਾ ਪਿਆ ਹੈ ਅਤੇ ਇਹ ਸਭ ਦੀ ਸਿਹਤਯਾਬੀ ਵਾਸਤੇ ਜ਼ਰੂਰੀ ਵੀ ਹੈ।

Install Punjabi Akhbar App

Install
×