ਆਸਟ੍ਰੇਲੀਆ ਵਿੱਚ ਮਿਲੇਗੀ ਅਗਲੇ ਸਾਲ ਮਾਰਚ ਦੇ ਮਹੀਨੇ ਵਿੱਚ ਕੋਵਿਡ-19 ਵੈਕਸੀਨ -ਗਰੈਗ ਹੰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਕੱਲ੍ਹ ਯੁਨਾਇਟੇਡ ਕਿੰਗਡਮ ਦੇ ਕਰੋਨਾ ਦੀ ਵੈਕਸੀਨ ਨੂੰ ਮਾਨਤਾ ਦੇਣ ਨਾਲ, ਬ੍ਰਿਟੇਨ ਹੁਣ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਕਿ ਪਹਿਲੀ ਉਕਤ ਵੈਕਸੀਨ ਤਿਆਰ ਕਰਕੇ, ਉਸਦੀ ਸਹੀ ਤੌਰ ਤੇ ਪ੍ਰਮਾਣਿਕਤਾ ਨੂੰ ਸਿੱਧ ਕਰ ਕੇ ਜਨਤਕ ਸੇਵਾ ਲਈ ਆਮ ਲੋਕਾਂ ਨੂੰ ਮੁਹੱਈਆ ਕਰਵਾਉਣ ਵਾਸਤੇ ਰਾਹ ਖੋਲ੍ਹ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਬਚਾਉ ਵਾਸਤੇ ਇਹ ਵੈਕਸੀਨ ਫਾਈਜ਼ਰ ਬਾਇਓਟੈਕ ਕੰਪਨੀ ਨੇ ਬਣਾਈ ਹੈ ਅਤੇ ਇਸ ਦਾ ਟੈਸਟ ਦੁਨੀਆਂ ਦੇ 6 ਦੇਸ਼ਾਂ ਅੰਦਰ ਘੱਟੋ ਘੱਟ 43,500 ਲੋਕਾਂ ਉਪਰ ਕੀਤਾ ਗਿਆ ਹੈ ਅਤੇ ਇਸ ਦੇ ਟੈਸਟਾਂ ਦੌਰਾਨ, ਕੋਈ ਵੀ ਮਾੜਾ ਜਾਂ ਅਣ-ਚਾਹਿਆ ਅਸਰ ਦੇਖਣ ਨੂੰ ਨਹੀਂ ਮਿਲਿਆ। ਇਸ ਦੇ ਨਾਲ ਹੀ ਫੈਡਰਲ ਸਿਹਤ ਮੰਤਰੀ ਗਰੈਗ ਹੰਟ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਆਸਟ੍ਰੇਲੀਆ ਨੂੰ ਉਕਤ ਵੈਕਸੀਨ ਦੀ ਪਹਿਲੀ ਖੇਪ ਜਲਦੀ ਹੀ ਮਿਲ ਜਾਵੇਗੀ ਅਤੇ ਮਾਰਚ 2021 ਤੋਂ ਆਸਟ੍ਰੇਲੀਆਈ ਲੋਕਾਂ ਲਈ ਉਪਲਭਧ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਯੁ.ਕੇ. ਦੀ ਸਰਕਾਰ ਦਾ ਇਹ ਕਦਮ ਇਤਿਹਾਸਕ ਬਣ ਗਿਆ ਹੈ ਅਤੇ ਹੁਣ ਕੁੱਝ ਉਪਚਾਰਿਕ ਕਿਰਿਆਵਾਂ ਤੋਂ ਬਾਅਦ ਹੁਣ ਉਹ ਇਸ ਵੈਕਸੀਨ ਨੂੰ ਵੰਡਣਾ ਸ਼ੁਰੂ ਕਰਨਗੇ ਅਤੇ ਆਉਣ ਵਾਲੇ ਜਨਵਰੀ ਮਹੀਨੇ ਦੇ ਅੰਤਲੇ ਦਿਨਾਂ ਤੱਕ ਪਹਿਲੀ ਖੇਪ ਆਸਟ੍ਰੇਲੀਆ ਪੁੱਜਣ ਦੀ ਉਮੀਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੇ ਦੌਰ ਵਿੱਚ ਉਕਤ ਵੈਕਸੀਨ ਦੇਸ਼ ਵਿੱਚ ਵੱਖਰੇ ਵੱਖਰੇ ਖੇਤਰਾਂ ਦੇ ਸਿਹਤ ਅਧਿਕਾਰੀਆਂ ਅਤੇ ਬਜ਼ੁਰਗਾਂ ਨੂੰ ਦਿੱਤੀ ਜਾਵੇਗੀ।

Install Punjabi Akhbar App

Install
×