ਫਾਈਜ਼ਰ ਦੀ ਕਰੋਨਾ ਵੈਕਸੀਨ ਆਸਟ੍ਰੇਲੀਆ ਵਿੱਚ ਪਹੁੰਚ ਚੁਕੀ -ਲੋਕ ਇਸ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ਼ ਰੱਖਣ: ਪ੍ਰਧਾਨ ਮੰਤਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਫਾਈਜ਼ਰ ਵੱਲੋਂ ਤਿਆਰ ਕੀਤੀ ਗਈ ਕਰੋਨਾ ਵੈਕਸੀਨ, ਬਸ ਦੇਸ਼ ਅੰਦਰ ਪਹੁੰਚ ਚੁਕੀ ਹੈ ਅਤੇ ਸਭ ਨੂੰ ਚਾਹੀਦਾ ਹੈ ਕਿ ਮੈਡੀਕਲ ਮਾਹਿਰਾਂ ਦੀ ਸਲਾਹ ਮੰਨ ਕੇ ਇਸ ਉਪਰ ਆਪਣਾ ਪੂਰਨ ਵਿਸ਼ਵਾਸ਼ ਰੱਖਿਆ ਜਾਵੇ ਅਤੇ ਇਸ ਦੇ ਵਿਤਰਣ ਵਿੱਚ ਸਹਿਯੋਗ ਕੀਤਾ ਜਾਵੇ ਤਾਂ ਜੋ ਇਹ ਸਮਾਂ ਰਹਿੰਦਿਆਂ ਹੀ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚ ਸਕੇ। ਦੇਸ਼ ਅੰਦਰ ਫਾਈਜ਼ਰ ਕੰਪਨੀ ਨੇ ਇਸ ਦਵਾਈ ਦੀਆਂ 142,000 ਖੁਰਾਕਾਂ ਭੇਜੀਆਂ ਹਨ ਅਤੇ ਇਹ ਇਸ ਦੀ ਪਹਿਲੀ ਖੇਪ ਹੈ। ਜਨਤਕ ਤੌਰ ਤੇ ਜ਼ਿਆਦਾ ਤਰ ਰਾਵਾਂ ਇਹੀ ਹਨ ਕਿ 5 ਵਿਚੋਂ 4 ਆਸਟ੍ਰੇਲੀਆਈ ਲੋਕ ਇਸ ਦਵਾਈ ਦਾ ਪੱਖ ਪੂਰਦੇ ਹਨ ਪਰੰਤੂ ਹਾਲੇ ਵੀ ਇਹ ਗੱਲਾਂ ਬਰਕਰਾਰ ਹਨ ਕਿ ਇਸ ਦਵਾਈ ਨਾਲ ਲੋਕਾਂ ਦੀ ਜੇਬ੍ਹ ਉਪਰ ਬੋਝ ਪਵੇਗਾ ਅਤੇ ਲੋਕਾਂ ਨੂੰ ਹੀ ਇਸ ਦਾ ਖਰਚਾ ਉਠਾਉਣਾ ਪਵੇਗਾ। ਪ੍ਰਧਾਨ ਮੰਤਰੀ ਨੇ ਅੱਜ ਜਾਰੀ ਅਪੀਲ ਵਿੱਚ ਕਿਹਾ ਕਿ ਸਾਡੇ ਕੋਲ ਦੁਨੀਆਂ ਵਿਚਲੇ ਬਿਹਤਰੀਨ ਡਾਕਟਰਾਂ ਦੀ ਟੀਮ ਮੌਜੂਦ ਹੈ ਅਤੇ ਸਾਡੇ ਮੈਡੀਕਲ ਮਾਹਿਰ ਵੀ ਦੁਨੀਆਂ ਵਿੱਚ ਕਿਸੇ ਕੋਲੋਂ ਘੱਟ ਨਹੀਂ ਤਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਵਿਚਲੇ ਮੈਡੀਕਲ ਮਾਹਿਰਾਂ ਦੀ ਸਲਾਹ ਨੂੰ ਮੰਨਣ ਅਤੇ ਇਸ ਉਪਰ ਭਰੋਸਾ ਵੀ ਰੱਖਣ। ਉਨ੍ਹਾਂ ਕਿਹਾ ਕਿ ਉਹ ਆਪਣੇ ਪਰਵਾਰ ਵਾਸਤੇ ਵੀ ਇਸੇ ਦਵਾਈ ਉਪਰ ਭਰੋਸਾ ਰੱਖ ਰਹੇ ਹਨ ਅਤੇ ਉਨ੍ਹਾਂ ਦੇ ਪਰਵਾਰ ਦੇ ਹੋਰ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਮਾਤਾ ਜੀ ਅਤੇ ਉਨ੍ਹਾਂ ਦੀ ਪਤਨੀ ਦੇ ਮਾਤਾ ਜੀ ਵੀ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਸਰਕਾਰ ਨੇ ਵੱਖਰੀਆਂ ਵੱਖਰੀਆਂ ਕਰੋਨਾ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਕੋਲੋਂ 150 ਮਿਲੀਅਨ ਖੁਰਾਕਾਂ ਸੁਰੱਖਿਅਤ ਕਰਵਾਈਆਂ ਹਨ ਅਤੇ ਇਨ੍ਹਾਂ ਵਿੱਚੋਂ 20 ਮਿਲੀਅਨ ਫਾਈਜ਼ਰ ਕੰਪਨੀ ਕੋਲੋਂ ਆਉਣੀਆਂ ਹਨ।

Install Punjabi Akhbar App

Install
×