
(ਦ ਏਜ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇੱਕ ਹੋਰ ਅਹਿਮ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਆਸਟ੍ਰੇਲੀਆ ਅੰਦਰ ਕੋਵਿਡ-19 ਤੋਂ ਬਚਾਅ ਕਾਰਨ ਹੋਣ ਵਾਲੇ ਟੀਕਾਕਰਣ ਦਾ ਕੰਮ ਪੂਰਨ ਤੌਰ ਤੇ ਮੁਕੰਮਲ ਇਸੇ ਸਾਲ ਦੇ ਅਕਤੂਬਰ ਮਹੀਨੇ ਤੱਕ ਕਰ ਲਿਆ ਜਾਵੇਗਾ ਅਤੇ ਇਸ ਦੌਰਾਨ ਹਰ ਆਸਟ੍ਰੇਲੀਆਈ ਨੂੰ ਇਹ ਟੀਕਾ ਲਗਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ, ਸਮੁੱਚੇ ਸੰਸਾਰ ਦੇ ਕੁੱਝ ਕੁ ਅਜਿਹੇ ਦੇਸ਼ਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਕਿ ਕੋਵਿਡ-19 ਤੋਂ ਬਚਾਅ ਲਈ ਅਜਿਹੀਆਂ ਵੈਕਸੀਨਾਂ ਨੂੰ ਖੁਦ ਬਣਾਉਣ ਵਿੱਚ ਹਿੱਸਾ ਪਾਇਆ ਹੈ। ਬਸ ਹੁਣ ਟੀ.ਜੀ.ਏ. (Therapeutic Goods Administration) ਦੀ ਮਨਜ਼ੂਰੀ ਦੇ ਨਾਲ ਹੀ ਦੇਸ਼ ਅੰਦਰ ਟੀਕਾਕਰਣ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਹ ਵੈਕਸੀਨ ਸਮੁੱਚੇ ਦੇਸ਼ ਅੰਦਰ ਮੈਲਬੋਰਨ ਦੇ ਸੀ.ਐਸ.ਐਲ. ਉਤਪਾਦਨ ਯੂਨਿਟ ਰਾਹੀਂ ਸਮੁੱਚੇ ਦੇਸ਼ ਅੰਦਰ, ਵੰਡੀ ਜਾਣੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਤਰਣ ਪ੍ਰਣਾਲੀ ਲਈ 1.9 ਬਿਲੀਅਨ ਡਾਲਰ ਖਰਚੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ 4.4 ਬਿਲੀਅਨ ਡਾਲਰ ੳਕਤ ਦਵਾਈ ਦੀ ਖਰੀਦਕਾਰੀ, ਮੈਡੀਕਲ ਮਦਦ ਅਤੇ ਸਾਡੇ ਦੂਸਰੇ ਅੰਤਰ-ਰਾਸ਼ਟਰੀ ਪੱਧਰ ਦੇ ਖਰੀਦਕਾਰਾਂ/ਹਿੱਸੇਦਾਰਾਂ ਆਦਿ ਲਈ ਵੀ ਰੱਖੇ ਗਏ ਹਨ ਅਤੇ ਇਸ ਦੇ ਬਜਟ ਦਾ ਕੁੱਲ ਹੁਣ 6.3 ਬਿਲੀਅਨ ਡਾਲਰ ਤੱਕ ਪੁਝਦਾ ਕੀਤਾ ਗਿਆ ਹੈ। ਅਲੱਗ ਅਲੱਗ ਰਾਜਾਂ ਅਤੇ ਟੈਰੇਟਰੀਆਂ ਦੇ ਹਿੱਸੇਦਾਰਾਂ ਤੋਂ ਇਲਾਵਾ ਰਾਇਲ ਆਸਟ੍ਰੇਲੀਆਈ ਕਾਲਜ ਆਫ ਜਨਰਲ ਪ੍ਰੈਕਟੀਸ਼ਨਰਜ਼, ਲਿਨਫੋਕਸ ਵਰਗੀਆਂ ਹੋਰ ਵਿਤਰਣ ਕੰਪਨੀਆਂ ਅਤੇ ਦੇਸ਼ ਦੀਆਂ ਫਾਰਮੇਸੀਆਂ ਨੂੰ ਵੀ ਇਸ ਦੇ ਵਿਤਰਣ ਵਿੱਚ ਨਾਲ ਮਿਲਾਇਆ ਜਾ ਰਿਹਾ ਹੈ।