ਜ਼ਿਆਦਾਤਰ ਆਸਟ੍ਰੇਲੀਆਈ ਕੋਵਿਡ ਵੈਕਸੀਨ ਲੈਣ ਨੂੰ ਤਿਆਰ -ਪਰ ਕੁੱਝ ਕੁ ਸ਼ਸ਼ੋਪੰਜ ਵਿੱਚ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵੱਲੋਂ ਕੀਤੇ ਗਏ ਘੱਟੋ ਘੱਟ 2 ਸਰਵੇਖਣਾ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਆਸਟ੍ਰੇਲੀਆਈ ਕੋਵਿਡ-19 ਵੈਕਸੀਨ ਲੈਣ ਨੂੰ ਇੱਕਦਮ ਤਿਆਰ ਹਨ ਜਦੋਂ ਕਿ ਕੁੱਝ ਕੁ ਦਾ ਕਹਿਣਾ ਹੈ ਕਿ ਉਹ ਹਾਲੇ ਉਕਤ ਵੈਕਸੀਨ ਨੂੰ ਲੈਣ ਵਾਸਤੇ ਦਿਮਾਗੀ ਤੌਰ ਤੇ ਤਿਆਰ ਨਹੀਂ ਹਨ ਅਤੇ ਕੁੱਝ ਹੋਰ ਇੰਤਜ਼ਾਰ ਕਰਨਾ ਚਾਹੰਦੇ ਹਨ ਪਰੰਤੂ ਕੁੱਝ ਕੁ ਅਜਿਹੇ ਵੀ ਹਨ ਜੋ ਇਸ ਤੋਂ ਪੂਰਨ ਤੌਰ ਤੇ ਇਨਕਾਰੀ ਹਨ। ਉਕਤ ਸਰਵੇਖਣਾ ਦੇ ਅੱਜ ਕੀਤੇ ਗਏ ਖੁਲਾਸੇ ਵਿੱਚ ਦਰਸਾਇਆ ਗਿਆ ਹੈ ਕਿ 5 ਵਿਚੋਂ 3 ਤਾਂ ਕਹਿੰਦੇ ਹਨ ਕਿ ਵੈਕਸੀਨ ਜਦੋਂ ਵੀ ਉਪਲਭਧ ਹੁੰਦੀ ਹੈ -ਉਹ ਉਦੋਂ ਹੀ ਲੈ ਲੈਣਗੇ; 6% ਕੁ ਕਹਿੰਦੇ ਹਨ ਕਿ ਨਹੀਂ ਉਹ ਵੈਕਸੀਨ ਲੈਣ ਗੇ ਹੀ ਨਹੀਂ ਕਿਉਂਕਿ ਇਸ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਅਤੇ 7% ਮੰਨਦੇ ਹਨ ਉਹ ਸਥਿਤੀਆਂ ਉਪਰ ਨਿਰਭਰ ਹਨ -ਮਤਲੱਭ ਲੈ ਵੀ ਸਕਦੇ ਹਨ ਅਤੇ ਨਹੀਂ ਵੀ। ਇੱਕ ਸਰਵੇਖਣ ਮੁਤਾਬਿਕ, 3000 ਬਾਲਿਗਾਂ ਉਪਰ ਕੀਤੇ ਗਏ ਉਕਤ ਸਰਵੇਖਣ ਵਿੱਚ ਜ਼ਿਆਦਾਤਰ ਔਰਤਾਂ, ਜਾਂ ਕੁੱਝ ਥੋੜ੍ਹਾ ਅਲੱਗ ਥਲੱਗ ਜਿਹੀਆਂ ਥਾਵਾਂ ਤੇ ਰਹਿ ਰਹੇ ਲੋਕ, ਅਤੇ ਜਾਂ ਫੇਰ ਜ਼ਿਆਦਾ ਧਾਰਮਿਕ (ਕੱਟੜਤਾ) ਮਾਨਤਾਵਾਂ ਵਾਲੇ ਲੋਕ ਉਕਤ ਵੈਕਸੀਨ ਨੂੰ ਲੈਣ ਵਿੱਚ ਇਨਕਾਰੀ ਜ਼ਿਆਦਾ ਦਿਖਾਈ ਦੇ ਰਹੇ ਹਨ। ਦੂਸਰੇ ਸਰਵੇਖਣ ਵਿੱਚ 1000 ਆਸਟ੍ਰੇਲੀਆਈਆਂ ਵਿੱਚੋਂ ਵੀ ਅਜਿਹੇ ਹੀ ਆਂਕੜੇ ਸਾਹਮਣੇ ਆਏ ਕਿਉਂਕਿ ਇਨ੍ਹਾਂ ਵਿੱਚ ਵੀ 6% ਕਹਿੰਦੇ ਹਨ ਕਿ ਉਨ੍ਹਾਂ ਨੂੰ ਵੈਕਸੀਨ ਦੀ ਕੋਈ ਜ਼ਰੂਰਤ ਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਸਰਕਾਰ ਨੇ ਘੱਟੋ ਘੱਟ 4 ਕੰਪਨੀਆਂ ਨਾਲ ਉਕਤ ਵੈਕਸੀਨ ਦਾ ਇਕਰਾਰਨਾਮਾ ਸਹੀਬੱਧ ਕੀਤਾ ਹੋਇਆ ਹੈ ਅਤੇ ਹੋਰ ਵੀ 25 ਅਜਿਹੀਆਂ ਹੀ ਸੰਭਾਵੀ ਵੈਕਸੀਨਾਂ ਵੀ ਅੰਤਰਰਾਸ਼ਟਰੀ ਪੱਧਰ ਉਪਰ ਕਤਾਰ ਵਿੱਚ ਹਨ। ਸਿਹਤ ਮੰਤਰੀ ਗਰੈਗ ਹੰਟ ਦਾ ਮੰਨਣਾ ਹੈ ਕਿ ਸਰਕਾਰ ਅਜਿਹੇ ਕਦਮ ਉਠਾ ਰਹੀ ਹੈ ਕਿ ਹਰ ਉਸ ਵਿਅਕਤੀ ਨੂੰ -ਜੋ ਕਿ ਵੈਕਸੀਨ ਲੈਣਾ ਚਾਹੁੰਦਾ ਹੈ, ਅਗਲੇ ਸਾਲ ਦੇ ਅੰਤ ਤੱਕ ਵੈਕਸੀਨ ਮੁਹੱਈਆ ਕਰਵਾ ਦਿੱਤੀ ਜਾਵੇ ਅਤੇ ਇਸ ਵਾਸਤੇ ਸਰਕਾਰ ਨੇ ਵੱਖ ਵੱਖ ਕੰਪਨੀਆਂ ਨਾਲ ਇਕਰਾਰਨਾਮੇ ਕਲਮਬੱਧ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਅਲੱਗ ਅਲੱਗ ਰਾਜਾਂ ਵਿੱਚੋਂ ਅਲੱਗ ਅਲੱਗ ਕੋਵਿਡ-19 ਦੇ ਮਰੀਜ਼ਾਂ ਦੇ ਮਾਮਲਿਆਂ ਦੇ ਆਂਕੜੇ ਆ ਰਹੇ ਹਨ। ਕਈ ਰਾਜ ਹੁਣ ਇਸ ਮਾਮਲੇ ਵਿੱਚ ਸ਼ਾਂਤ ਵੀ ਹਨ ਪਰੰਤੂ ਅਹਿਤਿਆਦੀ ਕਦਮ ਲਗਾਤਾਰ ਉਠਾ ਵੀ ਰਹੇ ਹਨ ਅਤੇ ਅੱਖਾਂ ਮੀਟ ਕੇ ਨਹੀਂ ਬੈਠੇ ਹੋਏ ਕਿਉਂਕਿ ਉਹ ਜਾਣਦੇ ਹਨ ਕਿ ਉਕਤ ਬਿਮਾਰੀ ਕਦੇ ਵੀ ਅਤੇ ਕਿਤੇ ਵੀ ਆਪਣਾ ਸਿਰ ਚੁੱਕ ਸਕਦੀ ਹੈ ਅਤੇ ਜਦੋਂ ਤੱਕ ਇਸ ਦੀ ਵੈਕਸੀਨ ਨਹੀਂ ਆ ਜਾਂਦੀ -ਸਾਨੂੰ ਅਹਿਤਿਆਦਨ ਕਦਮਾਂ ਨਾਲ ਹੀ ਆਪਣੀ ਅਤੇ ਆਪਣੇ ਸਮਾਜ ਦੀ ਰੱਖਿਆ ਕਰਨੀ ਹੋਵੇਗੀ।

Install Punjabi Akhbar App

Install
×