ਆਸਟ੍ਰਲੀਆਈ ਵ੍ਹਾਈਨ ਉਪਰ ਲਗਾਇਆ 107% ਤੋਂ 212% ਤੱਕ ਦਾ ਨਵਾਂ ਚਾਰਜ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਚੀਨ ਦੇ ਬਾਹਰੀ ਰਾਜਾਂ ਦੇ ਮੰਤਰਾਲੇ ਦੇ ਬੁਲਾਰੇ ਜ੍ਹਾਓ ਲਿ ਜੀਆਨ ਨੇ ਆਸਟ੍ਰੇਲੀਆ ਉਪਰ ਇੱਕ ਹੋਰ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਆਪਣੇ ਵ੍ਹਾਈਨ ਦੇ ਵਪਾਰੀਆਂ ਰਾਹੀਂ ਚੀਨ ਅੰਦਰ ਬੇ-ਲੋੜਾ ਕੋਟਾ ਜਮ੍ਹਾਂ ਕਰਕੇ ਚੀਨ ਦੀ ਅਰਥ-ਵਿਵਸਥਾ ਨੂੰ ਸਿੱਧੇ ਤੌਰ ਤੇ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਆਸਟ੍ਰੇਲੀਆਈ ਵ੍ਹਾਈਨ ਦੇ ਵਪਾਰੀ ਚੀਨ ਵਿੱਚ ਅਜਿਹੇ ਕੋਟੇ ਜਮ੍ਹਾਂ ਕਰਕੇ ਉਨ੍ਹਾਂ ਨੂੰ ਗਲਤ ਢੰਗ-ਤਰਿਕਿਆਂ ਨਾਲ ਚੀਨ ਦੇ ਬਾਜ਼ਾਰ ਵਿੱਚ ਉਤਾਰ ਰਹੇ ਹਨ। ਇਸ ਨਾਲ ਤਾਂ ਚੀਨ ਅਤੇ ਆਸਟ੍ਰੇਲੀਆ ਦੇ ਪਹਿਲਾਂ ਤੋਂ ਨਾਜ਼ੂਕ ਦੌਰ ਵਿੱਚ ਚਲ ਰਹੇ ਰਿਸ਼ਤਿਆਂ ਵਿੱਚ ਹੋਰ ਖਟਾਸ ਹੀ ਆਵੇਗੀ। ਇਸ ਤੋਂ ਬਾਅਦ ਅੱਜ ਤੋਂ ਹੀ ਚੀਨ ਨੇ ਆਸਟ੍ਰੇਲੀਆਈ ਵ੍ਹਾਈਨ ਉਪਰ 107% ਤੋਂ 212% ਤੱਕ ਦਾ ਨਵਾਂ ਚਾਰਜ ਵੀ ਥੋਪ ਦਿੱਤਾ ਹੈ। ਆਸਟ੍ਰੇਲੀਆਈ ਵਪਾਰ ਮੰਤਰੀ ਸਾਈਮਨ ਬਰਮਿੰਘਮ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਅਸਲ ਵਿੱਚ ਚੀਨ ਸਾਡੇ ਨਾਲ ਹਰ ਪਾਸੋਂ ਹੀ ਰਿਸ਼ਤਿਆਂ ਉਪਰ ਚੋਟ ਕਰਨਾ ਚਾਹੁੰਦਾ ਹੈ ਨਹੀਂ ਤਾਂ ਉਹ ਅਜਿਹੇ ਬੇਬੁਨਿਆਦ ਇਲਜ਼ਾਮ ਨਾ ਲਗਾਉਂਦਾ। ਆਸਟ੍ਰੇਲੀਆਈ ਉਤਪਾਦਕਾਂ ਦੀ ਚੀਨ ਵਿੱਚ ਭਾਰੀ ਮੰਗ ਹੈ ਅਤੇ ਇਸੇ ਤੋਂ ਪਾਸਾ ਵੱਟਦਿਆਂ ਹੁਣ ਚੀਨ ਆਸਟ੍ਰੇਲੀਆਈ ਉਤਪਾਦਕਾਂ ਉਪਰ ਭਾਰੀ ਟੈਕਸ ਲਗਾ ਕੇ ਉਨ੍ਹਾਂ ਨੂੰ ਆਪਣੀ ਮਾਰਕਿਟ ਵਿੱਚੋਂ ਬਾਹਰ ਕੱਢ ਦੇਣਾ ਚਾਹੁੰਦਾ ਹੈ। ਅਤੇ ਇਹ ਬਿਲਕੁਨ ਨਿਰ-ਆਧਾਰ ਅਤੇ ਨਜਾਇਜ਼ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੀ ਟਾਪ ਵ੍ਹਾਈਨ ਮਾਰਕਿਟ ਦਾ ਚੀਨ ਨਾਲ ਕੁੱਲ ਵਪਾਰ 2.9 ਬਿਲੀਅਨ ਦਾ ਹੈ ਅਤੇ ਇਸ ਕੁੱਲ ਵ੍ਹਾਈਨ ਐਕਸਪੋਰਟ ਦਾ 37% ਹੈ ਅਤੇ ਚੀਨ ਇਸੇ ਨੂੰ ਹੀ ਢਾਹ ਲਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ 10 ਦਿਨਾਂ ਦਾ ਹੋਰ ਇੰਤਜ਼ਾਰ ਕਰਾਂਗੇ ਨਹੀਂ ਤਾਂ ਇਹ ਮਾਮਲਾ ਸੰਸਾਰ ਵਪਾਰ ਸੰਘ (WTO) ਕੋਲ ਲੈ ਕੇ ਜਾਵਾਂਗੇ।