ਪੁਸਤਕ ‘ਆਸਟ੍ਰੇਲੀਅਨ ਟੈਕਸੀਨਾਮਾ’ ਲੋਕ ਅਰਪਣ: ਬ੍ਰਿਸਬੇਨ

(ਬ੍ਰਿਸਬੇਨ) ਆਸਟਰੇਲੀਆ ਵਿੱਚ ਪੰਜਾਬੀ ਸਾਹਿਤ ਲਈ ਕਾਰਜਸ਼ੀਲ ਸੰਸਥਾ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਨੌਜਵਾਨ ਲੇਖਕ ਹਰਮੀਤ ਸਿੰਘ ਅਤੇ ਗੌਰਵ ਖੁਰਾਨਾ ਦੁਆਰਾ ਲਿਖਿਤ ਪੁਸਤਕ ‘ਆਸਟ੍ਰੇਲੀਅਨ ਟੈਕਸੀਨਾਮਾ’ ਲੋਕ ਅਰਪਣ ਕੀਤੀ ਗਈ। ਸਾਹਿਤਕ ਬੈਠਕ ਦੀ ਸ਼ੁਰੂਆਤ ਸੰਸਥਾ ਪ੍ਰਧਾਨ ਜਸਵੰਤ ਵਾਗਲਾ ਵੱਲੋਂ ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਨਮਨ ਸ਼ਰਧਾਂਜਲੀ ਨਾਲ ਕੀਤੀ ਗਈ। ਹਥਲੀ ਪੁਸਤਕ ਵਿੱਚ ਗੌਰਵ ਖੁਰਾਨਾ ਅਤੇ ਹਰਮੀਤ ਸਿੰਘ ਵੱਲੋਂ ਟੈਕਸੀ ਡਰਾਈਵਿੰਗ ਪੇਸ਼ੇ ਦੀਆਂ ਹੱਡ-ਬੀਤੀਆਂ ਅਤੇ ਕਿਸੇ ਡਰਾਇਵਰ ਦੀ ਰੋਜ਼ਾਨਾ ਦਿਨ ਚਰਿਆ ਦਾ ਵਿਸਥਾਰ ਜ਼ਿਕਰ ਕੀਤਾ ਗਿਆ। ਪ੍ਰੈੱਸ ਕਲੱਬ ਪ੍ਰਧਾਨ ਦਲਜੀਤ ਸਿੰਘ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਕੋਲ ਪੰਜਾਬੀ ਵਿਚ ਵਾਰਤਕ ਲਿਖਣ ਦੀ ਅਜੋਕੇ ਸਮੇਂ ਵਿੱਚ ਬਹੁਤ ਘਾਟ ਰਹੀ ਹੈ ਅਤੇ ਇਸ ਕਿਤਾਬ ਦੀ ਮਹੱਤਤਾ ਇਸ ਕਰਕੇ ਵੀ ਹੈ ਕਿ ਇਹ ਵਾਰਤਕ ਆਸਟਰੇਲੀਆ ਦੇ ਇੱਕ ਅਣਗੌਲੇ ਵਰਗ ‘ਟੈਕਸੀ ਡਰਾਈਵਰ’ ਦੇ ਰੋਜ਼ ਮੱਰਾ ਜੀਵਨ ਬਾਰੇ ਵਾਰਤਕ ਰੂਪ ਵਿੱਚ ਹੈ।

 ਹਰਮਨਦੀਪ ਗਿੱਲ ਅਨੁਸਾਰ ਕਿਤਾਬ ਇੱਥੋਂ ਦੇ ਸਮਾਜ ਵਿੱਚ ਵਿਚਰਦਿਆਂ ਵੱਖ ਵੱਖ ਵਰਗਾਂ ਦੇ ਲੋਕਾਂ ਦਾ ਟੈਕਸੀ ਡਰਾਈਵਰਾਂ ਪ੍ਰਤੀ ਨਜ਼ਰੀਆ ਦਾ ਬਾਖੂਬੀ ਚਿਤਰਣ ਹੈ। ਸਮਾਰੋਹ ਵਿੱਚ ਕਾਵਿ ਸਰਗਰਮੀਆਂ ਦੌਰਾਨ ਗੀਤਕਾਰ ਸੁਰਜੀਤ ਸੰਧੂ ਨੇ ਆਪਣੀ ਲਿਖਿਤ ‘ਕਲੀ’ ਗਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ।

 ਰਸ਼ਪਾਲ ਹੇਅਰ ਨੇ ਬ੍ਰਿਸਬੇਨ ਸ਼ਹਿਰ ਵਿੱਚ ਸਿੱਖ ਖੇਡਾਂ ਅਤੇ ਪੰਜਾਬੀ ਪੇਸ਼ਕਾਰੀ ਮੰਚ ਦੇ ਇਤਿਹਾਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਕਵਿਤਰੀ ਹਰਜੀਤ ਸੰਧੂ, ਅਜੇਪਾਲ ਸਿੰਘ, ਗਾਇਕ ਹੈਪੀ ਚਾਹਲ, ਨੀਰਜ਼ ਪੋਪਲੀ, ਹਰਜਿੰਦ ਕੌਰ ਆਦਿ ਨੇ ਆਪਣੀਆਂ ਰਚਨਾਵਾਂ ਅਤੇ ਤਕਰੀਰਾਂ ਨਾਲ ਸਰੋਤਿਆਂ ਨਾਲ ਉਸਾਰੂ ਸਾਂਝ ਪਾਈ।

Install Punjabi Akhbar App

Install
×