ਆਸਟਰੇਲੀਅਨ ਸਿੱਖ ਖੇਡਾਂ ਨੂੰ ਸਮਰਪਿਤ ਬ੍ਰਿਸਬੇਨ ‘ਚ ਸੂਬਾਈ ਖੇਡਾਂ 2 ਅਤੇ 3 ਅਪ੍ਰੈਲ ਨੂੰ

ਪੰਜਾਬੀ ਭਾਈਚਾਰੇ ‘ਚ ਉਤਸ਼ਾਹ ਦਾ ਮਹੌਲ

(ਬ੍ਰਿਸਬੇਨ) ਆਸਟਰੇਲੀਆ ਦੇ ਪੰਜਾਬੀ ਭਾਈਚਾਰੇ ਦੀਆਂ ਕੌਮੀ ਪੱਧਰ ਦੀਆਂ ਸਿੱਖ ਖੇਡਾਂ ਜੋ ਕਿ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਤਰਜਮਾਨੀ ਕਰਦਿਆਂ ਵਿਦੇਸ਼ ਵਿੱਚ ਰਹਿੰਦਿਆਂ ਆਪਣਿਆਂ ਪੁਰਖਿਆਂ ਦੇ ਸ਼ਾਨਾਮੱਤੇ ਇਤਿਹਾਸ, ਰਹੁ-ਰੀਤਾਂ ਤੇ ਵਿਰਾਸਤ ਨਾਲ ਜੋੜਦਿਆਂ ਭਾਈਚਾਰਕ ਸਾਂਝ ਤੇ ਖੇਡ ਭਾਵਨਾ ਨੂੰ ਵਧਾਉਦੀਆਂ ਹਨ। 33ਵੀਆਂ ਸਲਾਨਾ ਆਸਟਰੇਲੀਅਨ ਸਿੱਖ ਖੇਡਾਂ ਭਾਈਚਾਰਕ ਉਤਸ਼ਾਹ ਨਾਲ ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਵਿਖੇ ਈਸਟਰ ਵੀਕਐਂਡ ‘ਤੇ ਕਰਵਾਈਆਂ ਜਾ ਰਹੀਆਂ ਹਨ। ਪਰ ਕਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਕਾਰਨ ਦੂਸਰੇ ਸੂਬਿਆਂ ਦੇ ਖਿਡਾਰੀ ਤੇ ਦਰਸ਼ਕ ਪਰਥ ਖੇਡਾਂ ਵਿੱਚ ਭਾਗ ਨਹੀਂ ਲੈ ਸਕਣਗੇ। ਇਸੇ ਸੰਦਰਭ ਵਿੱਚ ਕੌਮੀ ਸਿੱਖ ਖੇਡ ਕਮੇਟੀ ਦੀ ਅਗਵਾਈ ਹੇਠ ਆਸਟਰੇਲੀਆ ਦੇ ਵੱਖ-ਵੱਖ ਸੂਬਿਆਂ ਵਿੱਚ ਸਥਾਨਕ ਕਮੇਟੀਆਂ ਦੇ ਸਹਿਯੋਗ ਨਾਲ ਪਰਥ ਦੀਆਂ ਖੇਡਾਂ ਨੂੰ ਸਮਰਪਿਤ ਖੇਡ ਮੇਲੇ ਕਰਵਾਏ ਜਾ ਰਹੇ ਹਨ। ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ‘ਚ ਵੀ ਈਸਟਰ ‘ਤੇ  2 ਅਤੇ 3 ਅਪ੍ਰੈਲ ਨੂੰ ਈਗਲ ਸਪੋਰਟਸ ਕੰਪਲੈਕਸ ਮੈਨਸਫੀਲਡ ਵਿਖੇ ਸੂਬੇ ਪੱਧਰ ਦੇ ਦੋ ਦਿਨਾਂ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਸਬੰਧੀ ਕਮਿਊਨਟੀ ਰੇਡੀਓ ਫੋਰ ਈਬੀ ‘ਤੇ ਜਾਣਕਾਰੀ ਦਿੰਦਿਆਂ ਕੌਮੀ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਅਤੇ ਕੁਈਜ਼ਲੈਂਡ ਕਮੇਟੀ ਪ੍ਰਬੰਧਕ ਹੈਪੀ ਧਾਮੀ, ਰੌਕੀ ਭੁੱਲਰ ਅਤੇ ਜਗਦੀਪ ਸਿੰਘ ਭਿੰਡਰ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਫੁੱਟਬਾਲ, ਵਾਲੀਬਾਲ, ਕ੍ਰਿਕਟ, ਰੱਸਾਕਸ਼ੀ ਆਦਿ ਖੇਡਾਂ ਸ਼ਾਮਲ ਹੋਣਗੀਆਂ ਅਤੇ ਗਿੱਧਾ-ਭੰਗੜਾ ਆਦਿ ਸੱਭਿਆਚਾਰਿਕ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਕੌਮੀ ਖੇਡਾਂ ਦੇ ਸਭਿਆਚਾਰੀ ਨੁਮਾਇੰਦੇ ਮਨਜੀਤ ਬੋਪਾਰਾਏ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ, ਬੱਚਿਆਂ ਦੀਆਂ ਖੇਡਾਂ ਅਤੇ ਸੱਭਿਆਚਾਰਿਕ ਵੰਨਗੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਪ੍ਰਬੰਧਕਾਂ ਵੱਲੋਂ ਖੇਡ ਮੇਲੇ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ। ਸਮੁੱਚਾ ਪੰਜਾਬੀ ਭਾਈਚਾਰਾ ਅਗਾਮੀ ਸਿੱਖ ਖੇਡਾਂ ਬਾਬਤ ਉਤਸ਼ਾਹ ਵਿੱਚ ਹੈ।

Install Punjabi Akhbar App

Install
×