ਆਸਟ੍ਰੇਲੀਆਈ ਰੋਇੰਗ ਚੈਂਪਿਅਨਸ਼ਿਪ 2022 ਅਤੇ 2024 ਨੂੰ ਹੋਵੇਗੀ ਸਿਡਨੀ ਵਿੱਚ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਵੈਸਟਰਨ ਸਿਡਨੀ ਤੋਂ ਮੰਤਰੀ ਅਤੇ ਪੈਨਰਿਥ ਤੋਂ ਐਮ.ਪੀ. ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਕਰੋਨਾ ਦੀ ਮਾਰ ਤੋਂ ਬਾਅਦ ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਵਿੱਚ ਹੈ ਕਿ ਰਾਜ ਦੀ ਅਰਥ ਵਿਵਸਥਾ, ਸਭਿਆਚਾਰਕ ਅਤੇ ਖੇਡਾਂ ਵਾਲੀਆਂ ਗਤੀਵਿਧੀਆਂ ਨੂੰ ਮੁੜ ਤੋਂ ਸੁਰਜੀਤ ਕਰਕੇ ਰੁਕੀ ਹੋਈ ਗੱਡੀ ਲੀਹਾਂ ਤੇ ਲੈ ਕੇ ਆਈ ਜਾਵੇ ਤਾਂ ਜੋ ਇਹ ਮੁੜ ਤੋਂ ਨਵੀਆਂ ਰਾਹਾਂ ਤੇ ਦੌੜ ਸਕੇ। ਇਸੇ ਤਹਿਤ ਹੁਣ ਸਰਕਾਰ ਦੇ ਉਦਮ ਸਦਕਾ, ਪੱਛਮੀ ਸਿਡਨੀ ਦੀ ਅਰਥ ਵਿਵਸਥਾ ਨੂੰ ਇੱਕ ਹੋਰ ਜ਼ਬਰਦਸਤ ਹੁੰਗਾਰਾ ਮਿਲਣਾ ਤੈਅ ਹੈ ਕਿਉਂਕਿ ਸਰਕਾਰ ਨੇ 2022 ਅਤੇ 2024 ਦੀਆਂ ਆਸਟੇਲੀਆਈ ਰੋਇੰਗ ਚੈਂਪਿਅਨਸ਼ਿਪਾਂ ਨੂੰ ਇਸੇ ਖੇਤਰ ਵਿੱਚ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਹ ਚੈਂਪਿਅਨਸ਼ਿਪ ਪੈਨਰਿਥ ਵਿਚਲੇ ਸਿਡਨੀ ਇੰਟਰਨੈਸ਼ਨਲ ਰੇਗਾਟਾ ਸੈਂਟਰ ਵਿਖੇ ਹੋਵੇਗੀ ਅਤੇ ਇਸ ਵਿੱਚ ਜਿੱਥੇ ਦੇਸ਼ ਦੇ ਵੱਡੇ ਵੱਡੇ ਰੋਵਰਾਂ ਨੂੰ ਹਿੱਸਾ ਲੈਣ ਦਾ ਮੌਕਾ ਮਿਲੇਗਾ ਉਥੇ ਹੀ ਖੇਡ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਖੇਡਾਂ ਦੇ ਆਨੰਦ ਮਾਣਨ ਦਾ….।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਇਹ ਚੈਂਪਿਅਨਸ਼ਿਪ ਹੋਈ ਸੀ ਤਾਂ ਇਸ ਦਾ ਨਾਮ ਸਿਡਨੀ ਇੰਟਰਨੈਸ਼ਨਲ ਰੋਇੰਗ ਰੇਗਾਟਾ ਸੀ ਪਰੰਤੂ ਹੁਣ ਇਹ ਚੈਂਪਿਅਨਸ਼ਿਪ ਆਸਟ੍ਰੇਲੀਆਈ ਰੋਇੰਗ ਚੈਂਪਿਅਨਸ਼ਿਪ ਦੇ ਨਾਮ ਹੇਠ ਹੋਇਆ ਕਰੇਗੀ। ਇਹ ਚੈਂਪਿਅਨਸ਼ਿਪ ਦੇਸ਼ ਵਿੱਚ ਹੋਣ ਵਾਲੇ ਵੱਡੇ ਆਯੋਜਨਾਂ ਵਿੱਚੋਂ ਇੱਕ ਹੈ ਅਤੇ ਕੌਮੀ ਖਿਡਾਰੀਆਂ ਅਤੇ ਸਪਰਦਾਵਾਂ ਵਾਸਤੇ ਇੱਕ ਵਰਦਾਨ ਦੀ ਤਰ੍ਹਾਂ ਹੈ ਜਿਸ ਦਾ ਕਿ ਹਰ ਕਿਸੇ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਅਤੇ ਹਰ ਕੋਈ ਇਸ ਦਾ ਆਨੰਦ ਮਾਣਦਾ ਹੈ। ਇਸ ਦੌਰਾਨ ਆਸਟ੍ਰੇਲੀਆਈ ਰੋਇੰਗ ਓਪਨ ਚੈਂਪਿਅਨਸ਼ਿਪ; ਆਸਟ੍ਰੇਲੀਆਈ ਓਪਨ ਸਕੂਲ ਰੋਇੰਗ ਚੈਂਪਿਅਨਸ਼ਿਪ ਅਤੇ ਇਨ੍ਹਾਂ ਤੋਂ ਇਲਾਵਾ ਕਿੰਗਜ਼ ਅਤੇ ਕੁਈਨਜ਼ ਕੱਪ ਇੰਟਰਸਟੇਟ ਰੇਗਾਟਾ ਖੇਡਾਂ ਕਰਵਾਈਆਂ ਜਾਂਦੀਆਂ ਹਨ ਅਤੇ ਗਹਿਗੱਚ ਹੋਣ ਦੇ ਨਾਲ ਨਾਲ ਅਤਿ ਰੋਮਾਂਚਿਕ ਮੁਕਾਬਲਿਆਂ ਦਾ ਦਰਸ਼ਕ ਭਰਭੂਰ ਆਨੰਦ ਮਾਣਦੇ ਹਨ।
ਉਕਤ ਚੈਂਪਿਅਨਸ਼ਿਪ ਵਾਸਤੇ 2022 ਦੀਆਂ ਮਾਰਚ 21 ਤੋਂ 27 ਤੱਕ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ 2024 ਵਿੱਚ ਵੀ ਇਹ ਇਨ੍ਹਾਂ ਤਾਰੀਖਾਂ ਅਤੇ ਸਥਾਨਾਂ ਉਪਰ ਹੀ ਹੋਣਗੀਆਂ। 2024 ਵਿੱਚ ਜੋ ਖਿਡਾਰ ਇਸ ਵਿੱਚੋਂ ਉਭਰ ਕੇ ਜੇਤੂ ਹੋ ਕੇ ਸਾਹਮਣੇ ਆਉਣਗੇ ਉਨ੍ਹਾਂ ਨੂੰ 2024 ਵਿਚਲੀਆਂ ਪੈਰਿਸ ਵਿਖੇ ਹੋਣ ਵਾਲੀਆਂ ਪੈਰੇਓਲੰਪਿਕ ਖੇਡਾਂ ਵਿੱਚ ਭਾਗ ਲੈਣ ਦਾ ਮੌਕਾ ਪ੍ਰਦਾਨ ਹੋਵੇਗਾ।
ਜ਼ਿਆਦਾ ਜਾਣਕਾਰੀ ਵਾਸਤੇ https://www.sydney.com/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×