
ਸਾਬਕਾ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ ਮੁਖੀ ਐਂਗਸ ਹੋਸਟਨ ਅਤੇ ਸਾਬਕਾ ਡਿਫੈਂਸ ਮੰਤਰੀ ਸਟੀਫ਼ਨ ਸਮਿਥ ਨੇ ਇੱਕ ਸਾਂਝੀ ਰਿਪੋਰਟ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਮੌਜੂਦਾ ਰੱਖਿਆ ਮੰਤਰੀ ਰਿਚਰਡ ਮਾਰਲਸ ਨੂੰ ਸੌਂਪੀ ਹੈ।
ਇਸ ਰਿਪੋਰਟ ਨੂੰ ਤਿਆਰ ਕਰਨ ਵਿੱਚ 6 ਮਹੀਨਿਆਂ ਦਾ ਸਮਾਂ ਲੱਗਾ ਹੈ ਅਤੇ ਇਸ ਦੌਰਾਨ ਹੋਸਟਨ ਅਤੇ ਸਮਿਥ ਨੇ ਆਸਟ੍ਰੇਲੀਆਈ ਸੁਰੱਖਿਆ ਫੋਰਸਾਂ ਦੀਆਂ ਮੌਜੂਦਾ ਸਥਿਤੀਆਂ ਦਾ ਸਰਵੇਖਣ ਕੀਤਾ ਹੈ ਅਤੇ ਰਿਪੋਰਟ ਰਾਹੀਂ ਦਰਸਾਇਆ ਹੈ ਕਿ ਮਿਲਟਰੀ ਦੀ ਆਮਦਨ ਆਦਿ ਦੇ ਮੌਜੂਦਾ ਸਾਧਨ ਕੀ ਹਨ ਜਾਂ ਕੀ ਹੋਣੇ ਚਾਹੀਦੇ ਹਨ ਅਤੇ ਅਜਿਹੇ ਕਿਹੜੇ ਕਿਹੜੇ ਨਵੇਂ ਸਾਜੋ ਸਾਮਾਨ ਹਨ ਜੋ ਕਿ ਅੱਜ ਦੇ ਯੁੱਗ ਦੌਰਾਨ ਮਿਲਟਰੀ ਨੂੰ ਸੁਰੱਖਿਆ ਦੇ ਮੱਦੇਨਜ਼ਰ ਚਾਹੀਦੇ ਹੁੰਦੇ ਹਨ।
ਹੁਣ ਸਰਕਾਰ ਇਸ ਰਿਪੋਰਟ ਰਾਹੀਂ ਆਸਟ੍ਰੇਲੀਆਈ ਡਿਫੈਂਸ ਫੋਰਸਾਂ ਦਾ ‘ਓਵਰਹਾਲ’ ਕਰ ਸਕਦੀ ਹੈ ਅਤੇ ਇਸ ਵਿੱਚ ਸਭ ਤੋਂ ਵੱਡਾ ਅਤੇ ਅਹਿਮ ਮੁੱਦਾ ਚੀਨੀ ਫੋਜਾਂ ਦੇ ਵੱਧਦੇ ਦਬਾਵ ਹੀ ਦਰਸਾਇਆ ਜਾ ਰਿਹਾ ਹੈ ਅਤੇ ਜ਼ਰੂਰਤ ਸਮਝੀ ਜਾਣ ਲੱਗੀ ਹੈ ਕਿ ਆਸਟ੍ਰੇਲੀਆਈ ਫੌਜਾਂ ਨੂੰ ਇੰਨਾ ਕੁ ਦਰੁਸਤ ਅਤੇ ਆਧੁਨਿਕ ਕੀਤਾ ਜਾਵੇ ਤਾਂ ਜੋ ਲੋੜ ਪੈਣ ਤੇ ਚੀਨੀ ਫੌਜਾਂ ਨਾਲ ਮਹਿਜ਼ ਮੁਕਾਬਲਾ ਹੀ ਨਹੀਂ ਸਗੋਂ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਹਰਾਇਆ ਵੀ ਜਾ ਸਕੇ।
ਇਸ ਓਵਰਹਾਲ ਦੌਰਾਨ ਫੋਰਸਾਂ (ਆਰਮੀ, ਨੇਵੀ ਅਤੇ ਏਅਰ ਫੋਰਸ) ਨੂੰ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰ ਜਿਨ੍ਹਾਂ ਵਿੱਚ ਆਧੁਨਿਕ ਬੰਦੂਕਾਂ ਤੋਂ ਲੈ ਕੇ ਮਿਜ਼ਾਈਲ ਅਤੇ ਡਰੋਨ ਆਦਿ ਵੀ ਸ਼ਾਮਿਲ ਹਨ, ਮੁਹੱਈਆ ਕਰਵਾਏ ਜਾਣਗੇ ਜਿਨ੍ਹਾਂ ਬਾਰੇ ਜਲਦੀ ਹੀ ਐਲਾਨ ਕਰ ਦਿੱਤੇ ਜਾਣਗੇ।