ਕਤਰ ਵਿੱਚ ਬੀਤੇ 6 ਮਹੀਨਿਆਂ ਤੋਂ ਬੰਦੀ ਬਣਾ ਕੇ ਰੱਖੇ ਗਏ ਆਸਟ੍ਰੇਲੀਆਈ ਪਿਉ-ਪੁੱਤਰ ਦੀ ਰਿਹਾਈ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਮੂਲ ਦੇ 58 ਸਾਲਾਂ ਦੇ ਜਨਤਕ ਸਿਹਤ ਦੇ ਪ੍ਰੋਫੈਸਰ ਲੁਕਮਾਨ ਥਾਲਿਬ ਅਤੇ ਉਨ੍ਹਾਂ ਦਾ ਬੇਟਾ -24 ਸਾਲਾਂ ਦਾ ਇਸਮਾਇਲ ਥਾਲਿਬ, ਜੋ ਕਿ ਬੀਤੇ ਤਕਰੀਬਨ 6 ਮਹੀਨਿਆਂ ਤੋਂ ਕਤਰ ਦੀ ਇੱਕ ਅਣਦੱਸੀ ਜੇਲ੍ਹ ਅੰਦਰ ਬੰਦੀ ਬਣਾ ਕੇ ਰੱਖੇ ਗਏ ਸਨ, ਨੂੰ ਆਖਿਰ ਕਤਰ ਦੀ ਸਰਕਾਰ ਨੇ ਰਿਹਾ ਕਰ ਦਿੱਤਾ ਹੈ। ਪ੍ਰੋਫੈਸਰ ਥਾਲਿਬ ਦੀ ਬੇਟੀ, ਮਾਰਿਅਨ ਥਾਲਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਉਸ ਦੇ ਪਿਤਾ ਅਤੇ ਭਰਾ, ਦੋਹਾਂ ਨੂੰ ਕਤਰ ਵਿੱਚ ਇਨ੍ਹਾਂ ਦੇ ਦਰ ਅੰਦਰੋਂ ਬੀਤੇ ਸਾਲ ਦੀ 27 ਜੁਲਾਈ ਨੂੰ ਕੁੱਝ ਚਿੱਟ ਕੱਪੜੀਏ ਅਧਿਕਾਰੀ ਚੁੱਕ ਕੇ ਕਿਸੇ ਅਣਦੱਸੀ ਥਾਂ ਤੇ ਲੈ ਗਏ ਸਨ। ਉਸ ਸਮੇਂ ਪ੍ਰੋਫੈਸਰਾ, ਕਤਰ ਯੂਨੀਵਰਸਿਟੀ ਦੇ ਜਨਤਕ ਸਿਹਤ ਦੇ ਵਿਭਾਗ ਦੇ ਮੁਖੀ ਸਨ ਅਤੇ ਦੇਸ਼ ਦੇ ਵਿਗਿਆਨ ਅਤੇ ਖੋਜ ਕੇਂਦਰਾਂ ਨਾਲ ਕੋਵਿਡ-19 ਨਾਲ ਲੜਾਈ ਉਪਰ ਕੰਮ ਕਰ ਰਹੇ ਸਨ। ਲੰਡਨ ਆਧਾਰਿਤ ਵਕੀਲਾਂ ਦੇ ਇੱਕ ਸੰਗਠਨ (ਕੇਗ -CAGE) ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਦੱਸਿਆ ਕਿ ਪ੍ਰੋਫੈਸਰ ਅਤੇ ਉਨ੍ਹਾਂ ਦੇ ਬੇਟੇ ਉਪਰ ਗੰਭੀਰ ਆਰੋਪ ਲਗਾਏ ਸਨ ਪਰੰਤੂ ਹੁਣ ਦੋਹੇਂ ਜਣੇ ਟਰਕੀ ਵਿੱਚ ਸਹੀ ਸਲਾਮਤ ਪਹੁੰਚ ਗਏ ਹਨ। ਪਰੰਤੂ ਹਾਲੇ ਵੀ ਇਸ ਗੱਲ ਦੀ ਬੁਝਾਰਤ ਹੀ ਬਣੀ ਹੋਈ ਹੈ ਕਿ ਆਖਿਰ ਇਨ੍ਹਾਂ ਦੋਹਾਂ ਨੂੰ ਕਤਰ ਦੇ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕਿਉਂ ਕੀਤਾ ਗਿਆ ਸੀ ਅਤੇ ਇਸ ਦੌਰਾਨ ਇਨ੍ਹਾਂ ਦੋਹਾਂ ਨੂੰ ਕਿੱਥੇ ਅਤੇ ਕਿਵੇਂ ਰੱਖਿਆ ਗਿਆ….? ਇਨ੍ਹਾਂ ਕੋਲੋਂ ਕੀ ਕੀ ਪੁੱਛ-ਪੜਤਾਲ ਹੋਈ ਅਤੇ ਫੇਰ ਇਨ੍ਹਾਂ ਨੂੰ ਛੱਡਿਆ ਕਿਵੇਂ ਅਤੇ ਕਿਉਂ ਗਿਆ….? ਸ੍ਰੀ ਥਾਲਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਹੋਇਆ -ਬਸ ਹੁਣ ਭੁੱਲਣ ਵਿੱਚ ਹੀ ਭਲਾਈ ਹੈ ਅਤੇ ਅਸੀਂ ਦੋਹੇਂ ਸਹੀ ਸਲਾਮਤ ਆਪਣੇ ਪਰਵਾਰ ਨਾਲ ਹਾਂ -ਇਸ ਗੱਲ ਦੀ ਸੰਤੁਸ਼ਟੀ ਹੈ। ਅਸਲ ਵਿੱਚ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਪ੍ਰੋਫੈਸਰ ਦਾ ਦੂਸਰਾ ਬੇਟਾ ਅਹਿਮਦ ਲੁਕਮਾਨ ਥਾਲਿਬ ਜੋ ਕਿ ਵਿਕਟੋਰੀਆ ਅੰਦਰ ਰਹਿੰਦਾ ਹੈ, ਉਪਰ ਅਮਰੀਕੀ ਵਿਭਾਗ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਉਸਨੇ ਆਤੰਕਵਾਦੀ ਸੰਸਥਾ ਅਲ-ਕਾਇਦਾ ਨੂੰ ਮਾਲੀ ਮਦਦ ਦਿੱਤੀ ਹੈ ਪਰੰਤੂ ਇਸ ਇਲਜ਼ਾਮ ਸਬੰਧੀ ਕੋਈ ਵੀ ਲਿਖਤੀ ਪ੍ਰਮਾਣ ਨਹੀਂ ਹੈ ਅਤੇ ਇਹ ਗੱਲ ਵੀ ਪ੍ਰੋਫੈਸਰ ਅਤੇ ਉਨ੍ਹਾਂ ਦੇ ਬੇਟੇ ਨੂੰ ਚੁੱਕਣ ਤੋਂ ਤਿੰਨ ਮਹੀਨੇ ਬਾਅਦ ਜ਼ਾਹਿਰ ਹੋਈ ਸੀ ਅਤੇ ਆਸਟ੍ਰੇਲੀਆਈ ਫੈਡਲਰ ਪੁਲਿਸ ਵੱਲੋਂ ਅਹਿਮਦ ਦੇ ਡੋਨਕਾਸਟਰ ਸਥਿਤ ਘਰ ਅੰਦਰ ਬੀਤੇ ਸਾਲ 20 ਅਕਤੂਬਰ ਨੂੰ ਵਾਰੰਟ ਰਾਹੀਂ ਕਾਰਵਾਈ ਵੀ ਕੀਤੀ ਸੀ। ਪਰਵਾਰ ਦਾ ਦੱਸਣਾ ਹੈ ਕਿ ਪ੍ਰੋਫੈਸਰ ਅਤੇ ਉਨ੍ਹਾਂ ਦੇ ਬੇਟੇ ਨੂੰ ਜਦੋਂ ਅਧਿਕਾਰੀਆਂ ਵੱਲੋਂ ਚੁੱਕ ਲਿਆ ਗਿਆ ਤਾਂ 40 ਦਿਨਾਂ ਤੱਕ ਉਨ੍ਹਾਂ ਦਾ ਕੋਈ ਵੀ ਥਹੁ-ਟਿਕਾਣਾ ਪਤਾ ਨਹੀਂ ਸੀ ਲੱਗਣ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਪ੍ਰੋਫੈਸਰ ਨੂੰ ਹਰ ਹਫ਼ਤੇ ਆਪਣੇ ਪਰਵਾਰ ਨਾਲ ਸਿਰਫ 10 ਮਿਨਟ ਦੀ ਫੋਨ ਕਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

Welcome to Punjabi Akhbar

Install Punjabi Akhbar
×