ਆਸਟ੍ਰੇਲੀਆਈ ਪਹੁੰਚੇ ਯੂ.ਐਨ. ਕਮੇਟੀ ਵਿੱਚ -ਪਿੱਛਲੇ 30 ਸਾਲਾਂ ਵਿੱਚ ਪਹਿਲੀ ਵਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਔਰਤਾਂ ਉਪਰ ਹੋਣ ਵਾਲੇ ਅੱਤਿਆਚਾਰਾਂ ਦੇ ਖ਼ਿਲਾਫ਼ ਯੂ.ਐਨ. ਦੀ ਕਮੇਟੀ ਵਿੱਚ ਬੀਤੇ 30 ਸਾਲਾਂ ਵਿਚ ਪਹਿਲੀ ਵਾਰੀ ਆਸਟ੍ਰੇਲੀਆਈ ਨਤਾਸ਼ਾ ਸਟੋਟ ਡਸਪੋਜਾ ਚੁਣੇ ਗਏ ਹਨ ਅਤੇ ਇਹ ਵੀ ਜ਼ਿਕਰਯੋਗ ਹੈ ਕਿ ਉਕਤ ਕਮੇਟੀ ਵਿੱਚ ਪਹੁੰਚਣ ਵਾਲੇ ਉਹ ਮਹਿਜ਼ ਦੂਸਰੇ ਆਸਟ੍ਰੇਲੀਆਈ ਸ਼ਖ਼ਸੀਅਤ ਹਨ। ਉਕਤ ਕਮੇਟੀ ਵਿੱਚ ਸਾਰੇ ਸੰਸਾਰ ਵਿੱਚੋਂ 23 ਆਜ਼ਾਦ ਮਾਹਿਰ ਹੁੰਦੇ ਹਨ ਜਿਨ੍ਹਾਂ ਨੂੰ ਕਿ ਅਲੱਗ ਅਲੱਗ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨੁਮਾਇੰਦਿਆਂ ਵੱਜੋਂ ਨਾਮਾਂਕਿਤ ਕਰਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਹੀ ਉਕਤ ਮੈਂਬਰਾਂ ਦੀ ਚੋਣ ਹੁੰਦੀ ਹੈ ਅਤੇ ਇਹ ਚੁਣੇ ਹੋਏ ਮੈਂਬਰਾਂ ਦਾ ਕਾਰਜਕਾਰ ਅਗਲੇ ਚਾਰ ਸਾਲਾਂ ਤੱਕ ਦਾ ਹੁੰਦਾ ਹੈ। ਫੋਰਨ ਮਨਿਸਟਰ ਮੈਰਿਨ ਪਾਈਨ ਨੇ ਇਸ ਉਪਰ ਵਧਾਈ ਦਿੰਦਿਆਂ ਕਿਹਾ ਹੈ ਕਿ ਸ੍ਰੀਮਤੀ ਸਟੋਟ ਨੇ ਆਪਣੀ ਸਮੁੱਚੀ ਜ਼ਿੰਦਗੀ ਹੀ ਔਰਤਾਂ ਪ੍ਰਤੀ ਹੁੰਦੇ ਜ਼ੁਲਮਾਂ ਦੇ ਖ਼ਿਲਾਫ਼ ਲੜਾਈ ਲੜਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਵਿੱਚ ਲਗਾਈ ਹੋਈ ਹੈ ਅਤੇ ਉਹ ਦੇਸ਼ ਦੀ ਹਰ ਤਰਫੋਂ ਚੰਗੀ ਤਰ੍ਹਾਂ ਨੁਮਾਂਇਦਗੀ ਕਰਨਗੇ। ਅਗਲੇ ਸਾਲ ਦੀ ਜਨਵਰੀ ਵਿੱਚ ਉਹ ਆਪਣਾ ਅਹੁਦਾ ਸੰਭਾਲਣਗੇ।

ਜ਼ਿਕਰਯੋਗ ਇਹ ਵੀ ਹੈ ਕਿ ਇਸ ਤੋ ਪਹਿਲਾਂ 1992 ਵਿੱਚ ਇਸ ਅਹੁਦੇ ਉਪਰ ਆਸਟ੍ਰੇਲੀਆਈ ਸ਼ਖ਼ਸੀਅਤ (ਐਲਿਜ਼ਾਬੈਥ ਏਵਾਟ -ਫੈਮਿਲੀ ਕੋਰਟ ਦੇ ਮੁੱਖ ਜੱਜ) ਵਿਰਾਜਮਾਨ ਸਨ ਅਤੇ ਉਨ੍ਹਾਂ ਨੂੰ ਇਸ ਅਹੁਦੇ ਉਪਰ ਪਹਿਲੇ ਆਸਟ੍ਰੇਲੀਆਈ ਹੋਣ ਦਾ ਮਾਣ ਪ੍ਰਾਪਤ ਹੈ। ਇਸ ਤੋਂ ਤਿੰਨ ਸਾਲਾਂ ਬਾਅਦ ਉਹ ਯੂ.ਐਨ. ਦੇ ਮਨੁੱਖੀ ਅਧਿਕਾਰਾਂ ਦੀ ਕਮੇਟੀ ਦੇ ਮੈਂਬਰ ਵੀ ਰਹੇ ਅਤੇ ਇੱਥੇ ਵੀ ਉਹ ਪਹਿਲੇ ਆਸਟ੍ਰੇਲੀਆਈ ਹੀ ਸਨ। ਸ੍ਰੀਮਤੀ ਸਟੋਟ ਦੀ ਗੱਲ ਕਰੀਏ ਤਾਂ ਉਹ ਇਸ ਤੋਂ ਪਹਿਲਾਂ ਆਸਟ੍ਰੇਲੀਅਨ ਡੈਮੋਕਰੈਟਸ ਦੇ ਨੇਤਾ ਸਨ ਅਤੇ ਔਰਤਾਂ ਅਤੇ ਬੱਚੀਆਂ ਵਾਸਤੇ ਆਸਟ੍ਰੇਲੀਆਈ ਦੂਤ ਵਜੋਂ ਵੀ ਨਿਯੁਕਤ ਸਨ।

Install Punjabi Akhbar App

Install
×