60 ਹਜ਼ਾਰ ਡਾਲਰਾਂ ਨਾਲ ਆਸਟਰੇਲੀਆਈ ਨਾਗਰਿਕਤਾ ਲੈਣ ਦੀਆਂ ਖਬਰਾਂ ਬੇਬੁਨਿਆਦ

aus

ਬੀਤੇ ਦਿਨੀਂ ਕੁਝ ਭਾਰਤੀ ਅਖਬਾਰਾਂ ਵਿੱਚ 60 ਹਜ਼ਾਰ ਡਾਲਰਾਂ ਬਦਲੇ ਆਸਟਰੇਲੀਆਈ ਨਾਗਰਿਕਤਾ ਲੈਣ ਸੰਬੰਧੀ ਖਬਰਾਂ ਛਪੀਆ ਸਨ ਜਿਸ ਨਾਲ ਭਾਰਤੀ ਭਾਈਚਾਰੇ ਵਿੱਚ ਕਾਫੀ ਹੱਲਚੱਲ ਮਚੀ ਰਹੀ।ਇਹਨਾਂ ਖਬਰਾਂ ਨੂੰ ਆਧਾਰਹੀਣ ਦੱਸਦਿਆਂ ਮੈਲਬੌਰਨ ਦੇ ਮਾਈਗਰੇਸ਼ਨ ਮਾਹਰ ਜੁਝਾਰ ਸਿੰਘ ਬਾਜਵਾ ਨੇ ਦੱਸਿਆ ਕਿ ਆਸਟਰੇਲੀਆਈ ਸਰਕਾਰ ਵਲੋਂ ਇਸ ਤਰਾਂ ਦਾ ਕੋਈ ਵੀ ਕਾਨੂੰਨ ਪਾਸ ਨਹੀ ਕੀਤਾ ਗਿਆ ਹੈ ।ਸ. ਬਾਜਵਾ ਨੇ ਵਿਸਥਾਰ ਨਾਲ ਦੱਸਿਆ ਕਿ ਪ੍ਰੋਡਕਟੀਵਿਟੀ ਕਮਿਸ਼ਨ ਵਲੋਂ ਸਰਕਾਰ ਨੂੰ 60 ਹਜ਼ਾਰ ਆਸਟਰੇਲੀਆਈ ਡਾਲਰਾਂ ਬਦਲੇ ਨਾਗਰਿਕਤਾ ਦੇਣ ਦਾ ਸੁਝਾਅ ਦਿੱਤਾ ਗਿਆ ਸੀ ਜਿਸ ਨੂੰ ਕਿ ਸਰਕਾਰ ਨੇ ਪੂਰੀ ਤਰਾਂ ਖਾਰਜ਼ ਕਰ ਦਿੱਤਾ।ਉਹਨਾਂ ਕਿਹਾ ਕਿ ਆਸਟਰੇਲੀਆ ਇੱਕ ਵਿਕਸਿਤ ਦੇਸ਼ ਹੈ ਤੇ ਇੱਥੇ ਯੋਗਤਾ ਦੇ ਆਧਾਰ ਤੇ ਹੀ ਪੱਕੀ ਰਿਹਾਇਸ਼ ਮਿਲ ਸਕਦੀ ਹੈ ਨਾ ਕਿ ਇੰਨੇ ਘੱਟ ਪੈਸਿਆਂ ਨਾਲ।

ਸ. ਬਾਜਵਾ ਨੇ ਕਿਹਾ ਕਿ ਜੇਕਰ ਕੋਈ ਵੀ ਚਾਹਵਾਨ ਪੈਸੇ ਦੇ ਕੇ ਆਸਟਰੇਲੀਆ ਵਿੱਚ ਪੱਕੇ ਤੌਰ ਤੇ ਵੱਸਣਾ ਚਾਹੁੰਦਾ ਹੋਵੇ ਤਾਂ ਆਸਟਰੇਲੀਆ ਇੰਮੀਗਰੇਸ਼ਨ ਵਿਭਾਗ ਵਲੋਂ 1 ਜੁਲਾਈ 2015 ਤੋਂ ਪ੍ਰੀਮੀਅਮ ਇੰਨਵੈਸਟਰ ਵੀਜ਼ਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਅਰਜ਼ੀਕਰਤਾ 15 ਮਿਲੀਅਨ ਡਾਲਰ ਦੀ ਭਾਰੀ ਰਾਸ਼ੀ ਖਰਚ ਕੇ ਪੱਕੀ ਰਿਹਾਇਸ਼ ਪ੍ਰਾਪਤ ਕਰ ਸਕਦਾ ਹੈ ਜੋ ਕਿ ਭਾਰਤੀ ਰਾਸ਼ੀ ਵਿੱਚ ਤਕਰੀਬਨ 70 ਕਰੋੜ ਬਣਦੀ ਹੈ।ਇਸ ਸਕੀਮ ਤਹਿਤ ਵੀ ਅਰਜ਼ੀਕਰਤਾ ਨੂੰ ਪੱਕੀ ਰਿਹਾਇਸ਼ ਪ੍ਰਾਪਤ ਕਰਨ ਲਈ ਤਕਰੀਬਨ ਇੱਕ ਸਾਲ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਰਦਿਆਂ ਕਿਹਾ ਕਿ ਸਰਕਾਰ 15 ਮਿਲੀਅਨ ਡਾਲਰ ਦੇ ਫਾਇਦੇ ਬਦਲੇ 60 ਹਜ਼ਾਰ ਡਾਲਰ ਦੀ ਰਕਮ ਨਾਲ ਨਾਗਰਿਕਤਾ ਕਿਉ ਦੇਣਗੇ ?

ਉਹਨਾਂ ਨੇ ਆਸਟਰੇਲੀਆ ਆਉਣ ਵਾਲੇ ਚਾਹਵਾਨਾਂ ਨੂੰ ਕਿਸੇ ਵੀ ਤਰਾਂ ਦੀ ਠੱਗ ਬਾਜ਼ੀ ਤੋਂ ਸੁਚੇਤ ਰਹਿਣ ਤੇ ਵਧੇਰੇ ਜਾਣਕਾਰੀ ਲਈ ਆਸਟਰੇਲੀਆਈ ਇੰਮੀਗਰੇਸ਼ਨ ਵਿਭਾਗ ਦੀ ਵੈੱਬਸਾਈਟ ਤੇ ਸੰਪਰਕ ਕਰਨ ਦੀ ਹਿਦਾਇਤ ਦਿੱਤੀ ਹੈ।

 ਮਨਦੀਪ ਸਿੰਘ ਸੈਣੀ, ਮੈਲਬੌਰਨ

Press Reporter (M)- +61 430 524 500

Install Punjabi Akhbar App

Install
×