ਪੂਰੇ ਇੱਕ ਸਾਲ ਦੀ ਉਥਲ ਪੁਥਲ ਤੋਂ ਬਾਅਦ ਆਸਟ੍ਰੇਲੀਆ ਅੰਦਰ ਆਉਣ ਲੱਗੀ ਲੋਕਾਂ ਦੀ ਗੱਡੀ ਮੁੜ ਤੋਂ ਲੀਹਾਂ ਤੇ -ਕੱਲ੍ਹ ਆਰਥੋਡਾਕਸ ਈਸਟਰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਤੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਪੂਰੇ ਇੱਕ ਸਾਲ ਹੀ ਆਸਟ੍ਰੇਲੀਆ ਕੁਦਰਤੀ ਆਫ਼ਤਾਵਾਂ ਦੀ ਮਾਰ ਝੇਲ ਰਿਹਾ ਹੈ ਅਤੇ ਇਸ ਕਰੋਨਾ ਨੇ ਤਾਂ ਸਭ ਨੂੰ ਖੂੰਝੇ ਲਾ ਕੇ ਰੱਖ ਦਿੱਤਾ ਸੀ ਅਤੇ ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਛੋਟੇ ਕੰਮ ਧੰਦਿਆਂ ਦੇ ਕਰਨ ਵਾਲਿਆਂ ਨੂੰ ਝੇਲਣਾ ਪਿਆ ਹੈ। ਪਰੰਤੂ ਹੁਣ ਸਰਕਾਰਾਂ ਦੀਆਂ ਕੋਸ਼ਿਸ਼ਾਂ ਅਤੇ ਲੋਕਾਂ ਦੇ ਸਹਿਯੋਗ ਸਦਕਾ ਛੋਟੇ ਛੋਟੇ ਕੰਮ ਧੰਦਿਆਂ ਵਾਲੇ ਮੁੜ ਤੋਂ ਆਪਣੇ ਪੂਰੇ ਸਮੇਂ ਦੇ ਬਿਜਨਸ ਵਿੱਚ ਲੱਗੇ ਹਨ ਅਤੇ ਆਉਣ ਵਾਲੇ ਕੱਲ੍ਹ ਨੂੰ ਆਰਥੋਡਾਕਸ ਈਸਟਰ ਮਨਾਉਣ ਦੀਆਂ ਤਿਆਰੀਆਂ ਵਿੱਚ ਰੁਝੇ ਦਿਖਾਈ ਦੇ ਰਹੇ ਹਨ।
ਖਾਸ ਕਰਕੇ ਕੇਕ ਦੀਆਂ ਦੁਕਾਨਾਂ ਉਪਰ ਕਾਰੀਗਰ ਕਾਫੀ ਮਸ਼ਰੂਫ ਚੱਲ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਬੀਤਿਆ ਇੱਕ ਹਫ਼ਤਾ ਤਾਂ ਬੀਤੇ ਸਮੁੱਚੇ ਸਾਲ ਵਿੱਚ ਸਭ ਤੋਂ ਜ਼ਿਆਦਾ ਮਸ਼ਰੂਫਿਅਤ ਵਾਲਾ ਰਿਹਾ ਅਤੇ ਦਿਨ ਰਾਤ ਹੀ ਕੰਮ ਚਲਦਾ ਰਿਹਾ ਕਿਉਂਕਿ ਕੱਲ, ਐਤਵਾਰ ਨੂੰ ਆਰਥੋਡਾਕਸ ਈਸਟਰ ਦਾ ਤਿਉਹਾਰ ਹੈ।
ਈਸਟਰ ਵਾਸਤੇ ਗਰੀਕ ਦੇਸ਼ ਅਤੇ ਸਭਿਅਤਾ ਨਾਲ ਜੁੜੀ ਸੌਰੇਕੀ ਰੋਟੀ (Tsoureki) ਵੀ ਬਣਾਈ ਜਾਂਦੀ ਹੈ ਜੋ ਕਿ ਭਾਈਚਾਰੇ ਵਿੱਚ ਬਹੁਤ ਹੀ ਹਰਮਨ ਪਿਆਰੀ ਹੁੰਦੀ ਹੈ ਅਤੇ ਬੜੇ ਸਵਾਦ ਨਾਲ ਈਸਟਰ ਮੌਕੇ ਤੇ ਖਾਈ ਜਾਂਦੀ ਹੈ।
ਇਸਨੂੰ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਉਪਰ ਕਾਫੀ ਮਿਹਨਤ ਹੁੰਦੀ ਹੈ ਅਤੇ ਇਸਨੂੰ ਬਣਾ ਕੇ ਠੰਡਾ ਕਰਕੇ ਫੇਰ ਪਲਾਸਟਿਕ ਦੇ ਥੈਲਿਆਂ ਅੰਦਰ ਪੈਕ ਕਰਕੇ ਰੱਖਣਾ ਹੁੰਦਾ ਹੈ ਅਤੇ ਇਸ ਵਿੱਚ ਸਮਾਂ ਅਤੇ ਲੇਬਰ ਦੋਹੇਂ ਹੀ ਲੱਗਦੇ ਹਨ।
ਇਸ ਤੋਂ ਇਲਾਵਾ ਕੁੱਝ ਲੋਕ ਇਸ ਤਿਉਹਾਰ ਨਾਲ ਜੁੜੇ ਮੋਮਬੱਤੀਆਂ ਦੇ ਚਲਨ ਨੂੰ ਵੀ ਕਾਇਮ ਰੱਖਦੇ ਹਨ ਅਤੇ ਮੋਮਬੱਤੀਆਂ ਦੀ ਵੀ ਭਾਰੀ ਖਰੀਦ ਇਸ ਦਿਹਾੜੇ ਉਪਰ ਕੀਤੀ ਜਾਂਦੀ ਹੈ।
ਬੀਤੇ ਸਾਲ ਕਿਉਂਕਿ ਕਰੋਨਾ ਕਾਰਨ ਵੱਡੇ ਇਕੱਠਾਂ ਉਪਰ ਪੂਰਨ ਪਾਬੰਧੀਆਂ ਸਨ, ਪਰੰਤੂ ਇਸ ਸਾਲ ਹੁਣ ਦੇ ਦਿਨਾਂ ਵਿੱਚ ਸਰਕਾਰ ਵੱਲੋਂ ਅਜਿਹੀਆਂ ਪਾਬੰਧੀਆਂ ਹਟਾ ਲਈਆਂ ਗਈਆਂ ਹਨ ਤਾਂ ਲੋਕ ਹੁਣ ਈਸਟਰ ਮਨਾਉਣ ਲਈ ਘਰਾਂ ਤੋਂ ਬਾਹਰ ਨਿਕਲ ਰਹੇ ਹਨ।
ਜ਼ਿਕਰਯੋਗ ਹੈ ਕਿ ਕੱਲ੍ਹ ਐਤਵਾਰ ਨੂੰ, 650,000 ਤੋਂ ਵੀ ਜ਼ਿਆਦਾ ਆਰਥੋਡਾਕਸ ਕ੍ਰਿਸਚਿਨ ਭਾਈਚਾਰੇ ਦੇ ਲੋਕ ਈਸਟਰ ਮਨਾਉਣਗੇ ਅਤੇ ਜ਼ਾਹਿਰ ਹੈ ਕਿ ਪੂਜਾ ਅਰਚਨਾ ਦੇ ਨਾਲ ਨਾਲ, ਖਰੀਦੋ-ਫਰੋਖ਼ਤ ਹੋਵੇਗੀ ਅਤੇ ਲੋਕ ਲਜ਼ੀਜ਼ ਖਾਣਿਆਂ ਦਾ ਵੀ ਆਨੰਦ ਲੈਣਗੇ।

Welcome to Punjabi Akhbar

Install Punjabi Akhbar
×
Enable Notifications    OK No thanks