
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ ਕਰੋਨਾ ਕਾਰਨ ਲੱਗੀਆਂ ਪਾਬੰਧੀਆਂ ਕਾਰਨ ਬਾਹਰੇ ਦੇਸ਼ਾਂ ਵਿੱਚ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਨੂੰ ਵਾਪਿਸ ਲੈ ਕੇ ਆਉਣ ਵਾਸਤੇ ਹਫਤਾਵਾਰੀ ਗਿਣਤੀਆਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ ਅਤੇ ਇਹ ਫੈਸਲਾ ਹੁਣ ਆਉਣ ਵਾਲੀ 15 ਫਰਵਰੀ ਤੋਂ ਲਾਗੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਬ੍ਰਿਸਬੇਨ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਹੀ ਕਰੋਨਾ ਦਾ ਨਵਾਂ ਸੰਸਕਰਣ ਦਾ ਮਾਮਲਾ ਮਿਲਣ ਕਾਰਨ ਬਾਹਰੀ ਯਾਤਰੀਆਂ ਦੀ ਗਿਣਤੀ ਘਟਾ ਕੇ ਅੱਧੀ ਕਰ ਦਿੱਤੀ ਗਈ ਸੀ ਅਤੇ ਹੁਣ 15 ਫਰਵਰੀ ਤੋਂ ਦੱਖਣੀ ਆਸਟ੍ਰੇਲੀਆ ਅੰਦਰ ਇਹ ਹਫਤਾਵਾਰੀ ਗਿਣਤੀ 530 ਅਤੇ ਵਿਕਟੋਰੀਆ ਅੰਦਰ 1,310 ਕਰ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਵੱਲੋਂ ਅੱਜ ਕੈਨਬਰਾ ਵਿੱਚ ਹੋ ਰਹੀ ਕੌਮੀ ਪੱਧਰ ਦੀ ਕੈਬਿਨਟ ਮੀਟਿੰਗ ਵਿੱਚ ਇਹ ਫੈਸਲਾ ਸੁਣਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ, ਬਾਹਰ ਫਸੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਪੂਰੀ ਤਰ੍ਹਾਂ ਸਮਝਦੀ ਹੈ ਪਰੰਤੂ ਜਨਤਕ ਸਿਹਤ ਵਾਸਤੇ ਹੀ ਸਾਰੇ ਕਦਮ ਸਰਕਾਰ ਵੱਲੋਂ ਚੁੱਕੇ ਜਾਂਦੇ ਹਨ ਅਤੇ ਭਵਿੱਖ ਵਿੱਚ ਵੀ ਚੁੱਕੇ ਜਾਂਦੇ ਰਹਿਣਗੇ। ਜ਼ਿਕਰਯੋਗ ਇਹ ਵੀ ਹੈ ਕਿ ਕਰੋਨਾ ਕਾਲ ਦੇ ਚਲਦਿਆਂ ਆਸਟ੍ਰੇਲੀਆ ਵਿੱਚ 211,000 ਲੋਕਾਂ ਦੀ ਬਾਹਰਲੇ ਦੇਸ਼ਾਂ ਤੋਂ ਵਾਪਸੀ ਹੋਈ ਹੈ ਪਰੰਤੂ ਹਾਲੇ ਵੀ 40,000 ਦੇ ਕਰੀਬ ਲੋਕ ਬਾਹਰ ਫਸੇ ਹਨ ਅਤੇ ਆਪਣੇ ਘਰਾਂ ਨੂੰ ਪਰਤਣ ਲਈ ਦਿਨ ਰਾਤ ਸਰਕਾਰ ਦੇ ਫੈਸਲਿਆਂ ਵੱਲ ਦੇਖ ਰਹੇ ਹਨ।