ਪ੍ਰਿੰਸ ਫਿਲਿਪ ਨੂੰ ਸ਼ਰਧਾਂਜਲੀ ਸਨਮਾਨ ਦੇ ਤੌਰ ਆਸਟ੍ਰੇਲੀਆ ਦੇਵੇਗਾ 41 ਬੰਦੂਕਾਂ ਦੀ ਸਲਾਮੀ -ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਨੇ ਬ੍ਰਿਟੇਨ ਦੇ ਪ੍ਰਿੰਸ ਫਿਲਿਪ ਦੀ ਮੌਤ ਉਪਰ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਫ਼ਰਜ਼ ਅਤੇ ਸੇਵਾ ਭਾਵਨਾ ਨਾਲ ਬਿਤਾਇਆ ਅਤੇ ਹੁਣ ਜਦੋਂ ਉਹ ਦੇਹੀ ਤੌਰ ਤੇ ਸਾਡੇ ਕੋਲੋਂ ਵਿੱਛੜ ਚੁਕੇ ਹਨ ਤਾਂ ਉਨ੍ਹਾਂ ਦੇ ਸਨਮਾਨ ਵਿੱਚ ਆਸਟ੍ਰੇਲੀਆ 41 ਬੰਦੂਕਾਂ ਦੀ ਸਲਾਮੀ ਦੇਵੇਗਾ ਅਤੇ ਇਹ ਉਨ੍ਹਾਂ ਪ੍ਰਤੀ ਆਭਾਰ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੁੱਖ ਦੇ ਮੌਕੇ ਤੇ, ਮਹਾਰਾਣੀ ਐਲਿਜ਼ਾਬੈਥ ਨੂੰ ਆਪਣੇ ਸ਼ੋਕ ਸੰਦੇਸ਼ ਦੇ ਜ਼ਰੀਏ ਸੰਤਾਵਨਾ ਪੇਸ਼ ਕਰਦਾ ਹੈ ਅਤੇ ਇਸ ਵਿੱਚ ਉਨ੍ਹਾਂ ਦੇ ਨਾਲ ਨਾਲ ਕਾਮਨਵੈਲਥ ਪਰਿਵਾਰ ਅਤੇ ਦੇਸ਼ ਦਾ ਹਰ ਨਾਗਰਿਕ ਵੀ ਸ਼ਾਮਿਲ ਹੈ।
ਉਨ੍ਹਾਂ ਇਹ ਵੀ ਕਿਹਾ ਕਿ, ਦੇਸ਼ ਦੇ ਨਾਗਰਿਕ, ਆਨਲਾਈਨ ਜ਼ਰੀਏ, ਕੁਈਨ ਐਲਿਜ਼ਾਬੈਥ ਨੂੰ ਇਸ ਸਦਮੇ ਅਤੇ ਦੁੱਖ ਦੀ ਘੜੀ ਵਿੱਚ, ਆਪਣਾ ਸ਼ੋਕ ਸੰਦੇਸ਼ ਭੇਜ ਸਕਦੇ ਹਨ।
ਉਨ੍ਹਾਂ ਨੇ ਇਸ ਦੇ ਨਾਲ ਹੀ ਮਹਾਰਾਣੀ ਦੀ ਸਿਹਤਯਾਬੀ ਲਈ ਵੀ ਕਾਮਨਾ ਕੀਤੀ ਅਤੇ ਕਿਹਾ ਕਿ ਪ੍ਰਮਾਤਮਾ ਮਹਾਰਾਣੀ ਨੂੰ ਸਦਮਾ ਸਹਿਣ ਦੀ ਤਾਕਤ ਦੇ ਨਾਲ ਨਾਲ ਭਵਿੱਖ ਵਿੱਚ ਚੰਗੀ ਸਿਹਤ ਬਖ਼ਸ਼ੇ ਅਤੇ ਉਨ੍ਹਾਂ ਦਾ ਸਹਾਰਾ ਅਤੇ ਆਸ਼ਿਰਵਾਦ ਸਾਡੇ ਉਪਰ ਹਮੇਸ਼ਾ ਬਣਿਆ ਰਹੇ।
1967 ਦੇ ਇੱਕ ਵਾਕਿਆ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਤਸਮਾਨੀਆ ਵਿੱਚ ਜੰਗਲੀ ਅੱਗ ਨੇ ਕਹਿਰ ਢਾਇਆ ਸੀ ਤਾਂ ਉਸ ਸਮੇਂ ਪ੍ਰਿੰਸ ਆਪਣੇ ਆਪ ਨੂੰ ਰੋਕ ਨਹੀਂ ਸੀ ਪਾਏ ਅਤੇ ਉਨ੍ਹਾਂ ਨੇ ਆਸਟ੍ਰੇਲੀਆ ਦਾ ਘੱਟੋ ਘੱਟ ਵੀ 20 ਵਾਰੀ ਦੌਰਾ ਕੀਤਾ ਸੀ ਅਤੇ ਉਹ ਬੁਸ਼ਫਾਇਰ ਦੇ ਪੀੜਿਤਾਂ ਦਾ ਦੁੱਖ ਸਾਂਝਾ ਕਰਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਬਹੁਤ ਸਾਰੀਆਂ ਸ਼ਖ਼ਸੀਅਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰੰਤੂ ਕੁੱਝ ਕੁ ਅਜਿਹੀਆਂ ਹੁੰਦੀਆਂ ਹਨ ਜੋ ਕਿ ਹਮੇਸ਼ਾ ਵਾਸਤੇ ਆਪਣੀਆਂ ਕਾਰਗੁਜ਼ਾਰੀਆਂ ਦੀ ਅਹਿਮ ਛਾਪ ਛੱਡ ਕੇ ਜਾਂਦੀਆਂ ਹਨ ਅਤੇ ਮਰਹੂਮ ਪ੍ਰਿੰਸ ਵੀ ਉਨ੍ਹਾਂ ਸ਼ਖ਼ਸੀਅਤਾਂ ਵਿੱਚੋਂ ਇੱਕ ਸਨ ਅਤੇ ਰਹਿੰਦੀ ਦੁਨੀਆ ਤੱਕ ਲੋਕ ਉਨ੍ਹਾਂ ਨੂੰ ਯਾਦ ਕਰਦੇ ਰਹਿਣਗੇ।

Install Punjabi Akhbar App

Install
×