
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਇੱਕ ਟੀਨਏਜਰ (15 ਸਾਲਾਂ) ਦੇ ਲੜਕੇ ਨੂੰ ਆਸਟ੍ਰੇਲੀਆ ਵਿਚਲੀ 501 ਸਕੀਮ ਦੇ ਤਹਿਤ ਡੀਪੋਰਟ ਕਰਕੇ ਵਾਪਿਸ ਨਿਊਜ਼ੀਲੈਂਡ ਭੇਜਣ ਦੇ ਮਾਮਲੇ ਉਪਰ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ -ਜੈਸਿੰਡਾ ਆਰਡਰਨ ਨੇ ਕਿਹਾ ਕਿ ਆਸਟ੍ਰੇਲੀਆ ਦੀ ਉਕਤ ਸਕੀਮ ਬਿਲਕੁਲ ਵੀ ਵਾਜਿਬ ਨਹੀਂ ਹੈ ਅਤੇ ਕਿਸੇ ਪੱਖੋਂ ਵੀ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਪ੍ਰਤੀ ਸੁਹਿਰਦ ਵੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇਸ਼ ਅੰਦਰ ਕਿਸੇ ਨਾਬਾਲਿਗ ਨਾਲ ਕਾਨੂੰਨਨ ਤੌਰ ਤੇ ਨਿਪਟਣ ਦੇ ਹੋਰ ਕਈ ਪ੍ਰਾਵਧਾਨ ਮੌਜੂਦ ਹਨ ਫੇਰ ਭਾਵੇਂ ਉਨ੍ਹਾਂ ਦਾ ਪਿਛੋਕੜ ਕਿਵੇਂ ਦਾ ਵੀ ਕਿਉਂ ਨਾ ਹੋਵੇ ਅਤੇ ਭਾਵੇਂ ਉਹ ਕਿਸ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਕਿਉਂ ਨਾ ਜੁੜੇ ਹੋਣ, ਪਰੰਤੂ ਆਸਟ੍ਰੇਲੀਆ ਵੱਲੋਂ ਅਜਿਹੇ ਬੱਚਿਆਂ ਨੂੰ ਡੀਪੋਰਟ ਕਰਕੇ ਨਿਊਜ਼ੀਲੈਂਡ ਵਾਪਿਸ ਭੇਜ ਦੇਣਾ ਕੋਈ ਵਧੀਆ ਗੱਲ ਨਹੀਂ ਅਤੇ ਉਹ ਵੀ ਉਦੋਂ ਜਦੋਂ ਕਿ ਅਜਿਹੇ ਬੱਚੇ ਆਸਟ੍ਰੇਲੀਆ ਅੰਦਰ ਹੀ ਉਥੋਂ ਦੇ ਸਮਾਜਿਕ ਮਾਹੌਲ ਵਿੱਚ ਰਹਿ ਕੇ ਹੀ ਪਲ਼ੇ ਅਤੇ ਵੱਡੇ ਹੋਏ ਹਨ। ਅਤੇ ਜੇਕਰ ਉਹ ਅਪਰਾਧਿਕ ਮਾਮਲਿਆਂ ਵਿੱਚ ਪੈ ਗਏ ਹਨ ਤਾਂ ਇਸ ਦਾ ਇਹ ਮੱਤਲਭ ਨਹੀਂ ਕਿ ਹੁਣ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਅੰਦਰ ਵੀਜ਼ਾ ਹੋਲਡਰਾਂ ਵਾਸਤੇ ਇੱਕ ਕਾਨੂੰਨ ਹੈ ਕਿ ਵੀਜ਼ਾ ਹੋਲਡਰ ਜੇਕਰ ਕੋਈ ਅਪਰਾਧ ਕਰਦੇ ਹਨ ਅਤੇ ਉਸ ਅਪਰਾਧ ਦੇ ਬਦਲੇ ਵਿੱਚ ਉਨ੍ਹਾਂ ਨੂੰ 12 ਮਹੀਨੇ ਦੀ ਸਜ਼ਾ ਹੋ ਜਾਂਦੀ ਹੈ ਤਾਂ ਫੇਰ ਉਨ੍ਹਾਂ ਲਈ ਦੇਸ਼ ਵਿੱਚੋਂ ਡੀਪੋਰਟੇਸ਼ਨ ਲਾਜ਼ਮੀ ਹੈ। ਅਤੇ ਜ਼ਿਕਰਯੋਗ ਇਹ ਵੀ ਹੈ ਕਿ ਨਿਊਜ਼ੀਲੈਂਡ ਦੇਸ਼ ਸ਼ੁਰੂ ਤੋਂ ਹੀ ਆਸਟ੍ਰੇਲੀਆ ਦੀ ਇਸ ਸਕੀਮ ਦੀ ਨਿਖੇਧੀ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਨਿਊਜ਼ੀਲੈਂਡ ਦੇ ਵੀਜ਼ਾ ਹੋਲਡਰ ਜੇਕਰ ਆਸਟ੍ਰੇਲੀਆ ਵਿੱਚ ਕੋਈ ਅਪਰਾਧ ਕਰਦੇ ਹਨ ਅਤੇ ਜੇਲ੍ਹ ਦੀ ਸਜ਼ਾ ਵੀ ਕੱਟ ਲੈਂਦੇ ਹਨ ਤਾਂ ਫੇਰ ਉਨ੍ਹਾਂ ਦੀ ਡੀਪੋਰਟੇਸ਼ਨ ਕਿਉਂ ਕੀਤੀ ਜਾਂਦੀ ਹੈ….?