ਵੀਜ਼ਾ ਧਾਰਕਾਂ, ਅੰਤਰ-ਰਾਸ਼ਟਰੀ ਵਿਦਿਆਰਥੀਆਂ, ਪੇਸ਼ਾਵਰ ਮਾਈਗ੍ਰੈਂਟਾਂ ਲਈ ਕੀ ਕਰ ਰਹੀ ਸਰਕਾਰ….?

ਸਿਹਤ ਮੰਤਰੀ ਗ੍ਰੈਗ ਹੰਟ ਨੇ ਅਹਿਮ ਐਲਾਨਨਾਮੇ ਰਾਹੀਂ ਦੱਸਿਆ ਕਿ ਆਸਟ੍ਰੇਲੀਆਈ ਸਰਕਾਰ ਨੇ ਵੀਜ਼ਾ ਧਾਰਕਾਂ, ਅੰਤਰਰਾਸ਼ਟਰੀ ਵਿਦਿਆਰਥੀਆਂ, ਪੇਸ਼ਾਵਰ ਮਾਈਗ੍ਰੈਂਟਾਂ ਲਈ ਆਉਣ ਵਾਲੇ ਬੁੱਧਵਾਰ (15 ਦਿਸੰਬਰ, 2021) ਨੂੰ ਦੇਸ਼ ਦੇ ਬਾਰਡਰ ਖੋਲ੍ਹਣ ਦਾ ਵਿਚਾਰ ਬਣਾ ਲਿਆ ਹੈ ਅਤੇ ਵਾਸਤੇ ਬਣਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪਹਿਲਾਂ ਫੈਡਰਲ ਸਰਕਾਰ ਨੇ 1 ਦਿਸੰਬਰ ਤੋਂ ਅੰਤਰ ਰਾਸ਼ਟਰੀ ਬਾਰਡਰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਸਨ ਪਰੰਤੂ ਓਮੀਕਰੋਨ ਦੇ ਮੱਦੇਨਜ਼ਰ ਇਹ ਦੋ ਹਫ਼ਤਿਆਂ ਲਈ ਮੁਲਤੱਵੀ ਕਰ ਦਿੱਤੇ ਗਏ ਸਨ ਅਤੇ ਹੁਣ 15 ਦਿਸੰਬਰ ਦਿਨ ਬੁੱਧਵਾਰ ਤੋਂ ਉਪਰੋਕਤ ਸ਼੍ਰੇਣੀਆਂ ਆਦਿ ਲਈ ਦੇਸ਼ ਦੇ ਬਾਰਡਰ ਮੁੜ ਤੋਂ ਖੋਲ੍ਹੇ ਜਾ ਰਹੇ ਹਨ।
15 ਦਿਸੰਬਰ ਤੋਂ ਉਪਰੋਕਤ ਸ਼੍ਰੇਣੀਆਂ ਦੇ ਨਾਲ ਨਾਲ ਮਨੁੱਖਤਾ ਦੇ ਆਧਾਰ ਤੇ, ਛੁੱਟੀਆਂ ਆਦਿ ਮਨਾਉਣ ਵਾਲੇ ਯਾਤਰੀਆਂ ਲਈ ਅਤੇ ਆਰਜ਼ੀ ਪਰਿਵਾਰਿਕ ਵੀਜ਼ਾ ਧਾਰਕਾਂ ਲਈ ਵੀ ਬਾਰਡਰ ਖੋਲ੍ਹਣ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਇਹ ਸ਼ੁਰੂਆਤ ਜਾਪਾਨ ਅਤੇ ਦੱਖਣੀ ਕੋਰੀਆ ਦੇ ਯਾਤਰੀਆਂ ਲਈ ਵੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਐਲਾਨ ਪ੍ਰਧਾਨ ਮੰਤਰੀ ਨੇ ਉਦੋਂ ਕੀਤਾ ਹੈ ਜਦੋਂ ਕਿ ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੈਅ ਇਨ ਕੈਨਬਰਾ ਵਿੱਖੇ ਰਾਜਨੀਤਿਕ ਦੌਰੇ ਉਪਰ ਆਏ ਹੋਏ ਹਨ।
ਬਾਹਰ ਤੋਂ ਆਉਣ ਵਾਲਿਆਂ ਵਾਸਤੇ ਪੂਰਨ ਵੈਕਸੀਨੇਸ਼ਨ ਅਤੇ ਕਰੋਨਾ ਦੀ ਨੈਗੇਟਿਵ ਰਿਪੋਰਟ ਵਾਲੀਆਂ ਸ਼ਰਤਾਂ ਆਦਿ ਕਾਇਮ ਹਨ।

Install Punjabi Akhbar App

Install
×