ਰੂਸ ਵੱਲੋਂ ਆਸਟ੍ਰੇਲੀਆ ਦੇ 228 ਰਾਜਨੀਤਿਕਾਂ ਉਪਰ ਪਾਬੰਧੀਆਂ

ਯੂਕਰੇਨ ਨੂੰ ਆਸਟ੍ਰੇਲੀਆ ਭੇਜ ਰਿਹਾ 20 ਬੁਸ਼ਮਾਸਟਰ

ਆਸਟ੍ਰੇਲੀਆ ਨੇ ਯੂਕਰੇਨ ਦੀ ਮਦਦ ਜਾਰੀ ਰੱਖੀ ਹੋਈ ਹੈ ਅਤੇ ਇਸ ਦੇ ਬਦਲੇ ਵਿੱਚ ਰੂਸ ਨੇ ਆਸਟ੍ਰੇਲੀਆ ਦੇ 228 ਚੋਟੀ ਦੇ ਰਾਜਨੀਤਿਕਾਂ ਉਪਰ ਬਹੁਤ ਸਾਰੀਆਂ ਪਾਬੰਧੀਆਂ ਲਗਾ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੈਲੈਂਸਕੀ ਨੇ ਆਸਟ੍ਰੇਲੀਆਈ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ, ਮਦਦ ਦੀ ਗੁਹਾਰ ਲਗਾਈ ਸੀ ਤਾਂ ਇਸ ਦੇ ਬਦਲੇ ਵਿੱਚ ਆਸਟ੍ਰੇਲੀਆ, ਯੂਕਰੇਨ ਨੂੰ 20 ਮਿਲੀਅਨ ਡਾਲਰਾਂ ਦੀ ਮਦਦ ਤਹਿਤ, 20 ਬੁਸ਼ਮਾਸਟਰ ਭੇਜ ਰਿਹਾ ਹੈ ਜਿਨ੍ਹਾਂ ਵਿੱਚ ਕਿ ਹਥਿਆਰਬੰਦ ਲੜਾਕੂ ਵਾਹਨਾਂ ਦੇ ਨਾਲ ਨਾਲ ਐਂਬੁਲੈਂਸਾਂ ਆਦਿ ਵੀ ਸ਼ਾਮਿਲ ਹਨ।
ਸਾਰਾ ਜੰਗੀ ਸਾਜੋ ਸਾਮਾਨ ਅੱਜ ਬ੍ਰਿਸਬੇਨ ਤੋਂ ਸੀ-17 ਗਲੋਬਮਾਸਟਰ ਜਹਾਜ਼ ਰਾਹੀਂ ਯੋਰਪ ਲਈ ਰਵਾਨਗੀ ਪਾ ਰਿਹਾ ਹੈ।
ਦੇਸ਼ ਅੰਦਰ ਵਿਰੋਧੀ ਧਿਰਾਂ ਲਗਾਤਾਰ ਸੱਤਾਧਾਰੀ ਸਰਕਾਰ ਨੂੰ ਰੂਸ ਨਾਲ ਰਾਜਨੀਤਿਕ ਸਬੰਧਾਂ ਨੂੰ ਸਿਰੇ ਤੋਂ ਹੀ ਖ਼ਤਮ ਕਰਨ ਲਈ ਜ਼ੋਰ ਪਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੂਸ ਦੇ ਰਾਜਦੂਤਾਂ ਨੂੰ ਫੌਰਨ ਆਸਟ੍ਰੇਲੀਆ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਵਜ਼ਾਰਤਖਾਨੇ ਬੰਦ ਕਰ ਦੇਣੇ ਚਾਹੀਦੇ ਹਨ।
ਸੈਨੇਟਰ ਪਾਇਨੇ ਨੇ ਤਾਂ ਰੂਸ ਦੇ ਰਾਸ਼ਟਰਪਤੀ ਨੂੰ ਜੰਗੀ ਗੁਨਾਹਗਾਰ ਦੇ ਤੌਰ ਤੇ ਐਲਾਨ ਦਿੱਤਾ ਹੈ ਅਤੇ ਕਿਹਾ ਹੈ ਕਿ ਯੂਕਰੇਨ ਵਿੱਚ ਬਹੁਤ ਸਾਰੀਆਂ ਕਬਰਾਂ ਅਜਿਹੀਆਂ ਮਿਲ ਰਹੀਆਂ ਹਨ ਜਿੱਥੇ ਕਿ ਆਮ ਲੋਕਾਂ ਅਤੇ ਜੰਗੀ ਕੈਦੀਆਂ ਨੂੰ ਮਾਰ ਕੇ ਦਫ਼ਨ ਕੀਤਾ ਜਾ ਰਿਹਾ ਹੈ ਅਤੇ ਔਰਤਾਂ ਨਾਲ ਬਲਾਤਕਾਰ ਵਰਗੇ ਘਿਨੌਣੇ ਜ਼ੁਲਮ ਵੀ ਕੀਤੇ ਜਾ ਰਹੇ ਹਨ। ਇਸ ਵਾਸਤੇ ਆਸਟ੍ਰੇਲੀਆਈ ਸਰਕਾਰ ਨੂੰ ਫੌਰਨ ਇਸ ਬਾਬਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਦੇਸ਼ ਵਿੱਚੋਂ ਰੂਸ ਦੇ ਸਾਰੇ ਵਜ਼ਾਰਤਖਾਨੇ ਬੰਦ ਕਰ ਦੇਣੇ ਚਾਹੀਦੇ ਹਨ।

Install Punjabi Akhbar App

Install
×