
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਮਹੀਨੇ ਤੋਂ ਮਿਆਨਮਾਰ ਵਿੱਚ ਕੀਤੇ ਜਾ ਰਹੇ ਮਿਲਟਰੀ ਆਪ੍ਰੇਸ਼ਨ ਅਤੇ ਲਗਾਤਾਰ ਵੱਧਦੀ ਹੋਈ ਹਿੰਸਾ ਕਾਰਨ ਆਸਟ੍ਰੇਲੀਆ ਨੇ ਮਿਆਨਮਾਰ ਨਾਲ ਹਰ ਤਰ੍ਹਾਂ ਦੇ ਮਿਲਟਰੀ ਰਿਸ਼ਤੇ ਤੋੜ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਉਥੋਂ ਦੀਆਂ ਗੈਰ-ਸਰਕਾਰੀ ਸੰਸਥਾਵਾਂ ਨੂੰ ਜੋ ਮਦਦ ਦਿੱਤੀ ਜਾਂਦੀ ਸੀ, ਉਸ ਨੂੰ ਵੀ ਫੌਰੀ ਤੌਰ ਤੇ ਬੰਦ ਕਰ ਦਿੱਤਾ ਹੈ ਅਤੇ ਇਸ ਮਦਦ ਵਿੱਚ ਮਿਆਨਮਾਰ ਦੀ ਮਿਲਟਰੀ ਨੂੰ ਗੈਰ-ਲੜਾਈ ਵਾਲੇ ਖੇਤਰਾਂ ਅੰਦਰ ਅੰਗ੍ਰੇਜ਼ੀ ਸਿਖਾਉਣ ਦਾ ਕੰਮ ਵੀ ਸ਼ਾਮਿਲ ਹੈ।
ਬਾਹਰੀ ਰਾਜਾਂ ਦੇ ਮੰਤਰੀ ਮੈਰਿਸ ਪਾਈਨ ਲਗਾਤਾਰ ਇਸ ਗੱਲ ਉਪਰ ਜ਼ੋਰ ਪਾ ਰਹੇ ਹਨ ਕਿ ਮਿਆਨਮਾਰ ਸਰਕਾਰ ਤੁਰੰਤ ਯੰਗੂਨ ਵਿੱਚ ਬੰਦੀ ਬਣਾ ਕੇ ਰੱਖੇ ਗਏ ਆਸਟ੍ਰੇਲੀਆਈ ਚਿੰਤਕ ਅਤੇ ਪ੍ਰੋਫੈਸਰ ਸੀਨ ਟਰਨਲ ਨੂੰ ਰਿਹਾ ਕਰੇ ਜਿਨ੍ਹਾਂ ਨੂੰ ਕਿ ਉਥੋਂ ਦੀ ਮਿਲਟਰੀ ਨੇ ਬੀਤੇ 30 ਦਿਨਾਂ ਤੋਂ ਵੀ ਜ਼ਿਆਦਾ ਦੇ ਸਮੇਂ ਤੋਂ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਤੱਕ ਮਹਿਜ਼ ਦੋ ਵਾਰੀ ਹੀ ਪ੍ਰੋਫੈਸਰ ਨਾਲ ਗੱਲਬਾਤ ਕਰ ਸਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਮਿਆਨਮਾਰ ਨਾਲ ਹੋ ਰਹੀ ਗੱਲਬਾਤ ਦੇ ਚੱਲਦਿਆਂ, ਉਥੋਂ ਦੇ ਗੁਆਂਢੀ ਮੁਲਕਾਂ ਜਿਵੇਂ ਕਿ ਭਾਰਤ ਅਤੇ ਜਪਾਨ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਵੀ ਮਿਆਨਮਾਰ ਨਾਲ ਆਪਣੀਆਂ ਚਲੰਤ ਨੀਤੀਆਂ ਵੱਲ ਤੁਰੰਤ ਧਿਆਨ ਦੇਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਮਿਆਨਮਾਰ ਵਿੱਚ ਬੀਤੇ ਮਹੀਨੇ ਫਰਵਰੀ ਦੀ 1 ਤਾਰੀਖ ਨੂੰ ਮਿਲਟਰੀ ਨੇ ਸਾਰੀਆਂ ਸ਼ਕਤੀਆਂ ਆਪਣੇ ਹੱਥ ਲੈਂਦਿਆਂ ਹੋਇਆਂ ਉਥੋਂ ਦੇ ਲੋਕਤਾਂਤਰਿਕ ਨੇਤਾ ਔਂਗ ਸੈਨ ਸੂ ਕੀ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਫੇਰ ਜਨਤਕ ਤੌਰ ਤੇ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ ਅਤੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਰੋਕਣ ਲਈ ਮਿਲਟਰੀ ਨੇ ਕਾਰਵਾਈ ਕਰਦਿਆਂ ਹੁਣ ਤੱਕ 50 ਤੋਂ ਵੀ ਜ਼ਿਆਦਾ ਪ੍ਰਦਰਸ਼ਨ ਕਾਰੀਆਂ ਨੂੰ ਜਾਨੋਂ ਮਾਰ ਦਿੱਤਾ ਹੈ ਅਤੇ ਸੈਂਕੜਿਆਂ ਨੂੰ ਬੰਦੀ ਬਣਾ ਲਿਆ ਹੈ।
ਐਮਨੈਸਟੀ ਇੰਟਰਨੈਸ਼ਨਲ ਆਸਟ੍ਰੇਲੀਆ ਨੇ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਮਿਆਨਮਾਰ ਦੀ ਮਿਲਟਰੀ ਦਾ ਦੇਸ਼ ਅੰਦਰ ਕੀਤੇ ਜਾਂਦੇ ਜ਼ੁਲਮਾਂ ਦਾ ਇੱਕ ਚੰਗਾ ਖਾਸ ਇਤਿਹਾਸ ਰਿਹਾ ਹੈ ਅਤੇ ਜੱਗ ਜਾਹਿਰ ਹੈ ਕਿ ਇਸ ਦੇਸ਼ ਅੰਦਰ ਹਮੇਸ਼ਾ ਮਨੁੱਖੀ ਅਧਿਕਾਰਾਂ ਦਾ ਖਨਨ ਹੀ ਹੁੰਦਾ ਹੈ ਅਤੇ ਕਾਨੂੰਨ ਨੂੰ ਛਿੱਕੇ ਉਪਰ ਟੰਗ ਕੇ ਮਹਿਜ਼ ਕਬਰਾਂ ਨੂੰ ਹੀ ਬੜਾਵਾ ਦਿੱਤਾ ਜਾਂਦਾ ਹੈ।