ਆਸਟ੍ਰੇਲੀਆ ਅਤੇ ਯੂ.ਕੇ. ਵਿਚਾਲੇ ‘ਫਰੀ ਟ੍ਰੇਡ ਡੀਲ’ ਦੀ ਤਿਆਰੀ, ਜਲਦੀ ਹੀ ਹੋਵੇਗਾ ਐਲਾਨ -ਡੈਨ ਤੇਹਾਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਦੇ ਵਪਾਰ ਮੰਤਰੀ -ਡੈਨ ਤੇਹਾਨ, ਜੋ ਕਿ ਅੱਜ ਆਪਣੇ ਦੋ ਦਿਨਾਂ ਦੇ ਲੰਡਨ ਦੌਰੇ ਉਪਰ ਹਨ ਨੇ ਇੱਕ ਐਲਾਨ ਨਾਮੇ ਰਾਹੀਂ ਦੱਸਿਆ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਕਰ ਮੁਕਤ ਵਪਾਰ ਪ੍ਰਣਾਲੀ ਦੀਆਂ ਸਾਰੀਆਂ ਉਪਚਾਰਿਕਤਾਵਾਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਹੁਣ ਜਲਦੀ ਹੀ ਦੋਹਾਂ ਦੇਸ਼ਾਂ ਵਿਚਾਲੇ ਉਕਤ ਵਪਾਰ ਦੀ ਸ਼ੁਰੂਆਤ ਦਾ ਐਲਾਨ ਕਰ ਲਿਆ ਜਾਵੇਗਾ ਜਿਸ ਨਾਲ ਕਿ ਦੋਹਾਂ ਦੇਸ਼ਾਂ ਨੂੰ ਹੀ ਫਾਇਦਾ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਮੀਟਿੰਗ -ਲਿਜ਼ ਟਰੱਸ ਨਾਲ ਹੋਈ ਅਤੇ ਕਈ ਤਰ੍ਹਾਂ ਦੇ ਮੁੱਦਿਆਂ ਉਪਰ ਗੱਲਬਾਤ ਕਰਨ ਅਤੇ ਸਹਿਮਤੀਆਂ ਪ੍ਰਗਟਾਉਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਕਈ ਇਕਰਾਰ ਕੀਤੇ ਜਾ ਰਹੇ ਹਨ ਜਿਸ ਨਾਲ ਕਿ ਭਵਿੱਖ ਵਿੱਚ ਵਪਾਰ ਸਬੰਧੀ ਸਮੱਸਿਆਵਾਂ ਦਾ ਹੱਲ ਹੋਵੇਗਾ ਅਤੇ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਦੀ ਤਾਦਾਦ ਵੀ ਵਧੇਗੀ।
ਉਨ੍ਹਾਂ ਕਿਹਾ ਕਿ ਕੁੱਝ ਗੱਲਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦਾ ਕੌਮੀ ਪੱਧਰ ਉਪਰ ਜ਼ਿਕਰ ਅਤੇ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਹੈ ਇਸ ਵਾਸਤੇ ਹਾਲ ਦੀ ਘੜੀ ਸਮਝੌਤਿਆਂ ਦਾ ਮਸੌਦਾ ਤਿਆਰ ਨਹੀਂ ਹੋ ਪਾਇਆ ਪਰੰਤੂ ਬਾਕੀ ਸਾਰੀਆਂ ਕਾਰਵਾਈਆਂ ਕਰ ਲਈਆਂ ਗਈਆਂ ਹਨ ਅਤੇ ਅਗਲੇ 4 – 5 ਹਫ਼ਤਿਆਂ ਵਿੱਚ ਹੀ ਸਾਰੀਆਂ ਸਥਿਤੀਆਂ ਸਪੱਸ਼ਟ ਕਰ ਦਿੱਤੀਆਂ ਜਾਣਗੀਆਂ। ।
ਮਿਸ ਟਰੱਸ, ਜੋ ਕਿ ਪੋਸਟ-ਬਰੈਕਸਿਟ ਬ੍ਰਿਟੇਨ ਵੱਲੋਂ ਗੱਲਬਾਤ ਕਰ ਰਹੇ ਹਨ, ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਮਹਿਜ਼ ਥੋੜ੍ਹਾ ਕੁ ਸਲਾਹ ਮਸ਼ਵਰਾ ਹੀ ਰਹਿ ਗਿਆ ਹੈ ਅਤੇ ਜਲਦੀ ਹੀ ਇਹ ਸਮਝੌਤਾ ਪ੍ਰਵਾਨ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਸਟ੍ਰੇਲੀਆ ਸਰਕਾਰ ਅਤੇ ਖਾਸ ਕਰਕੇ ਡੈਨ ਤੇਹਾਨ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਇਸ ਰਾਹੀਂ ਆਪਣਾ ਵੱਡਾ ਯੋਗਦਾਨ ਪਾਇਆ ਹੈ।
ਮੀਟਿੰਗ ਤੋਂ ਪਹਿਲਾਂ, ਮਿਸ ਟਰੱਸ ਨੇ ਡੈਨ ਤੇਹਾਨ ਕੋਲੋਂ ਉਸ ਗੱਲ ਲਈ ਮੁਆਫੀ ਵੀ ਮੰਗੀ -ਵਜਾਹ ਇਹ ਸੀ ਕਿ ਇੱਕ ਖ਼ਬਰ ਨਸ਼ਰ ਹੋਈ ਸੀ ਕਿ ਉਥੋਂ ਦੇ ਇੱਕ ਸਟਾਫ ਮੈਂਬਰ ਨੇ ਯੂ.ਕੇ. ਟੈਲੀਗ੍ਰਾਫ ਨਿਊਜ਼ਪੇਪਰ ਨੂੰ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਡੈਨ ਤੇਹਾਨ ਜ਼ਿਆਦਾ ਤਜੁਰਬੇਕਾਰ ਸ਼ਖ਼ਸੀਅਤ ਨਹੀਂ ਹੈ ਜੋ ਕਿ ਅਜਿਹੇ ਫੈਸਲਿਆਂ ਦੀ ਗੰਭੀਰਤਾ ਨੂੰ ਸਮਝ ਸਕੇ।
ਪਰੰਤੂ ਡੈਨ ਤੇਹਾਨ ਨੇ ਮਜ਼ਾਕ ਵਿੱਚ ਕਿਹਾ ਕਿ ਦੇਖੋ ਆਪਾਂ ਦੋਹੇਂ ਵਧੀਆ ਕੁਰਸੀਆਂ ਉਪਰ ਬੈਠੇ ਹਾਂ ਅਤੇ ਮੈਂ ਨਹੀਂ ਸਮਝਦਾ ਕਿ ਕਿਸੇ ਕਿਸਮ ਦੀ ਪ੍ਰੇਸ਼ਾਨੀ ਹੈ ਅਤੇ ਬੀਤੇ 48 ਘੰਟਿਆਂ ਵਿੱਚ ਮੀਟਿੰਗਾਂ ਦਾ ਅਸੀਂ ਬਹੁਤ ਹੀ ਖੁਸ਼ਗਵਾਰ ਮਾਹੌਲ ਸਿਰਜਿਆ ਹੈ ਅਤੇ ਸਾਡੀਆਂ ਗੱਲਾਂਬਾਤਾਂ ਸਹੀ ਦਿਸ਼ਾ ਵਿੱਚ ਦੋਹਾਂ ਦੇਸ਼ਾਂ ਦੇ ਲਾਭ ਵਾਸਤੇ ਹੀ ਹੋਈਆਂ ਹਨ।
ਹੁਣ ਵਪਾਰ ਮੰਤਰੀ ਆਸਟ੍ਰੇਲੀਆ ਆਉਣਗੇ ਅਤੇ ਕੈਨਬਰਾ ਵਿੱਚ 2 ਹਫ਼ਤਿਆਂ ਤੱਕ ਕੁਆਰਨਟੀਨ ਵਿੱਚ ਰਹਿਣਗੇ ਜੋ ਕਿ ਕਿਸੇ ਹੋਟਲ ਅਤੇ ਜਾਂ ਫੇਰ ਉਨ੍ਹਾਂ ਦੇ ਨਿਜੀ ਰਿਹਾਇਸ਼ ਵਿਖੇ ਹੋਵੇਗਾ।

Install Punjabi Akhbar App

Install
×