ਦੇਸ਼ ਅੰਦਰ ਹੁਣ ਲੇਬਰ ਦੀ ਕਮੀ ਨੂੰ ਪੂਰਾ ਕਰਨਗੇ 13 ਤੋਂ 15 ਸਾਲ ਉਮਰ ਦੇ ਬੱਚੇ……?

ਕੀ ਕਿਹਾ ਡਿਪਟੀ ਪ੍ਰਧਾਨ ਮੰਤਰੀ ਨੇ…..?

ਆਸਟ੍ਰੇਲੀਆਈ ਰਿਟੇਰਲਜ਼ ਐਸੋਸਿਏਸ਼ਨ (Australian Retailers Association (ARA)) ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਹੈ ਕਿ ਦੇਸ਼ ਵਿੱਚ ਪੈਦਾ ਹੋਈ ਲੇਬਰ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਫੌਰੀ ਤੌਰ ਤੇ ਦੇਸ਼ ਦੇ ਨੌਜਵਾਨਾਂ ਦੀ ਉਮਰ ਘਟਾ ਕੇ 13 ਤੋਂ 15 ਸਾਲ ਤੱਕ ਦੇ ਸਕੂਲੀ ਬੱਚਿਆਂ ਨੂੰ ਵੀ ਕੰਮ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਇਸ ਨਾਲ ਇੱਕ ਤਾਂ ਬੱਚਿਆਂ ਨੂੰ ਕੰਮ ਕਰਨ ਦਾ ਤਜੁਰਬਾ ਹੋਵੇਗਾ ਅਤੇ ਦੂਸਰਾ ਉਨ੍ਹਾਂ ਨੂੰ ਮਿਹਨਤਾਨੇ ਵੀ ਮਿਲਣੇ ਸ਼ੁਰੂ ਹੋ ਜਾਣਗੇ। ਵੱਡੀ ਗੱਲ ਇਹ ਹੈ ਕਿ ਕੌਮੀ ਪੱਧਰ ਤੇ, ਹਾਲ ਦੀ ਘੜੀ ਪੇਸ਼ ਆ ਰਹੀ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦਾ ਹੁਣ ਇਹੀ ਜ਼ਰੀਆ ਦਿਖਾਈ ਦੇ ਰਿਹਾ ਹੈ।
ਏ.ਆਰ.ਏ. ਦੇ ਮੁਖੀ ਪੌਲ ਜਹਰਾ ਦਾ ਕਹਿਣਾ ਹੈ ਕਿ ਇਸ ਸਮੇਂ ਦੇਸ਼ ਅੰਦਰ 40,000 ਤੋਂ ਵੀ ਵੱਧ ਥਾਂਵਾਂ ਖਾਲੀ ਪਈਆਂ ਹਨ ਜਿੱਥੇ ਕਿ ਮਦਦਗਾਰ ਕਾਮਿਆਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 13 ਤੋਂ 15 ਸਾਲ ਦੇ ਬੱਚਿਆਂ ਨੂੰ -ਜੋ ਕੰਮ ਦਰਨ ਦੇ ਇੱਛੁਕ ਹੋਣ, ਸਰਕਾਰ ਨੂੰ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ।
ਡਿਪਟੀ ਪ੍ਰਧਾਨ ਮੰਤਰੀ -ਰਿਚਰਡ ਮਾਰਲਸ ਦਾ ਕਹਿਣਾ ਹੈ ਕਿ ਸਰਕਾਰ ਹਾਲ ਦੀ ਘੜੀ ਤਾਂ ਅਜਿਹਾ ਸੋਚ ਨਹੀਂ ਸਕਦੀ ਪਰੰਤੂ ਫੇਰ ਵੀ ਇਸ ਪੈਦਾ ਹੋਈ ਸਮੱਸਿਆ ਦੇ ਹੱਲ ਵਾਸਤੇ ਕੰਮ ਕਰ ਰਹੀ ਹੈ ਅਤੇ ਸਕੀਮ ਬਣਾ ਰਹੀ ਹੈ ਕਿ ਸੇਵਾਮੁੱਕਤ ਲੋਕਾਂ ਨੂੰ ਮੁੜ ਤੋਂ ਕੰਮ ਵਿੱਚ ਲਿਆਂਦਾ ਜਾਵੇ ਅਤੇ ਇਸ ਵਾਸਤੇ ਹਰ ਤਰਫੋਂ ਸਲਾਹਾਂ ਅਤੇ ਮਸ਼ਵਰੇ ਲਏ ਜਾ ਰਹੇ ਹਨ।