ਯੂਰੋਪ ਦੇ ਦੇਸ਼ ਭਾਵੇਂ ਐਸਟ੍ਰੇਜ਼ੈਨੇਕਾ ਦੀ ਕਰਨ ਨਿਖੇਧੀ ਪਰੰਤੂ ਸਾਡਾ ਇਸ ਵਿੱਚ ਪੂਰਨ ਭਰੋਸਾ -ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਯੂਰੋਪ ਦੇ ਕਈ ਦੇਸ਼ ਕਰੋਨਾ ਵੈਕਸੀਨ ਐਸਟ੍ਰੇਜ਼ੈਨੇਕਾ ਦੇ ਇਸਤੇਮਾਲ ਨੂੰ ਠੁਕਰਾ ਰਹੇ ਹਨ, ਪਰੰਤੂ ਉਨ੍ਹਾਂ ਨੂੰ ਇਸ ਦਵਾਈ ਉਪਰ ਪੂਰਾ ਭਰੋਸ ਹੈ ਅਤੇ ਦੇਸ਼ ਵਿੱਚ ਇਸ ਦਵਾਈ ਦਾ ਵਿਤਰਣ ਜਾਰੀ ਰਹੇਗਾ।
ਯੂਰੋਪ ਦੇ ਕਈ ਦੇਸ਼ ਜਿਵੇਂ ਕਿ ਡੈਨਮਾਰਕ, ਨੌਰਵੇ ਅਤੇ ਆਈਸਲੈਂਡ ਵਰਗੇ ਦੇਸ਼ਾਂ ਨੇ ਆਰਜ਼ੀ ਤੌਰ ਤੇ ਉਕਤ ਦਵਾਈ ਦਾ ਵਿਤਰਣ ਜਨਤਕ ਤੌਰ ਤੇ ਬੰਦ ਕਰ ਦਿੱਤਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਦੇ ਸਿਹਤ ਅਧਿਕਾਰੀ ਇਸ ਗੱਲ ਦੀ ਪੜਤਾਲ ਵਿੱਚ ਲੱਗੇ ਹਨ ਕਿ ਜਿਹੜੇ ਕੁੱਝ ਬਲੱਡ ਸਪੋਟਾਂ ਦੇ ਮਾਮਲੇ ਸਾਹਮਣੇ ਆਏ ਹਨ, ਉਹ ਇਸ ਦਵਾਈ ਦੇ ਇਸਤੇਮਾਲ ਕਰਨ ਨਾਲ ਤਾਂ ਨਹੀਂ ਬਣੇ….?
ਇਸ ਬਾਬਤ ਦੇਸ਼ ਦੇ ਘਰੇਲੂ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅੰਦਰ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਇਸ ਵਾਸਤੇ ਸਿਹਤ ਅਧਿਕਾਰੀਆਂ ਨੂੰ ਇਸ ਬਾਬਤ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਦਵਾਈ ਸਾਡੇ ਦੇਸ਼ ਲਈ ਸੁਰੱਖਿਅਤ ਅਤੇ ਕਾਮਿਯਾਬ ਹੈ ਅਤੇ ਇਸ ਦਾ ਇਸਤੇਮਾਲ ਜਾਰੀ ਰਹੇਗਾ।
ਇਸਦੇ ਨਾਲ ਹੀ ਸਿਹਤ ਵਿਭਾਗ ਦੇ ਮੁਖੀ (ਬਰੈਂਡਨ ਮਰਫੀ) ਦਾ ਬਿਆਨ ਕਿ ਕਰੋਨਾ ਤੋਂ ਬਚਣ ਵਾਸਤੇ ਐਸਟ੍ਰੇਜ਼ੈਨੇਕਾ ਦੀ ਮਹਿਜ਼ ਇੱਕ ਡੋਜ਼ ਹੀ ਕਾਫੀ ਹੈ, ਦੀ ਨਿਖੇਧੀ ਹੋਣੀ ਵੀ ਸ਼ੁਰੂ ਹੋ ਗਈ ਹੈ ਅਤੇ ਲੇਬਰ ਸੈਨੇਟਰ ਕੈਟੀ ਗਾਲਾਘਰ ਨੇ ਕੈਨਬਰਾ ਵਿੱਚ ਕਿਹਾ ਕਿ ਅਜਿਹੇ ਬਿਆਨਾਂ ਦਾ ਕੋਈ ਵੀ ਆਧਾਰ ਨਹੀਂ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੂਰਨ ਰੂਪ ਵਿੱਚ ਲੋਕਾਂ ਨੂੰ ਉਕਤ ਦਵਾਈ ਦੀਆਂ ਦੋ ਖੁਰਾਕਾਂ ਦੇਣੀਆਂ ਲਾਜ਼ਮੀ ਕਰੇ ਅਤੇ ਇਸ ਦੀ ਸਪਲਾਈ ਵੱਲ ਧਿਆਨ ਦੇਵੇ ਤਾਂ ਜੋ ਲੋਕਾਂ ਨੂੰ ਇਸ ਦੀ ਥੋੜ੍ਹ ਕਾਰਨ ਕੋਈ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਪ੍ਰੋਫੈਸਰ ਮਰਫੀ ਨੇ ਆਪਣੇ ਬਿਆਨਾਂ ਬਾਬਤ ਕਈ ਦੇਸ਼ਾਂ ਦੀ ਉਦਾਰਹਣ ਦਿੱਤੀ ਹੈ ਅਤੇ ਕਿਹਾ ਹੈ ਕਿ ਸਕਾਟਲੈਂਡ ਅਤੇ ਇੰਗਲੈਂਡ ਵਰਗੇ ਕਈ ਦੇਸ਼ ਅਜਿਹੇ ਹਨ ਜੋ ਕਿ ਅਜਿਹੇ ਉਪਯੋਗ ਕਰ ਰਹੇ ਹਨ ਅਤੇ ਲੋਕ ਠੀਕ ਵੀ ਹੋ ਰਹੇ ਹਨ ਅਤੇ ਭਵਿੱਖੀ ਖ਼ਤਰਿਆਂ ਤੋਂ ਬਚਾਅ ਵੀ ਹੋ ਰਿਹਾ ਹੈ।

Install Punjabi Akhbar App

Install
×