ਸਮੁੱਚੇ ਆਸਟ੍ਰੇਲੀਆ ਅੰਦਰ ਹੀ ਕਰੋਨਾ ਦਾ ਸਥਾਨਕ ਕੋਈ ਵੀ ਮਾਮਲਾ ਦਰਜ ਨਹੀਂ -ਰਾਜਾਂ ਦੀਆਂ ਸਰਕਾਰਾਂ ਦਾ ਰੁਖ਼ ਹੋਰ ਰਿਆਇਤਾਂ ਵੱਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਰਾਜ ਅੰਦਰ ਬੀਤੇ 2 ਦਿਨਾਂ ਵਿਚ ਕਰੋਨਾ ਦਾ ਕੋਈ ਵੀ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਅਤੇ ਇਸ ਦੇ ਨਾਲ ਹੀ ਸਮੁੱਚੇ ਆਸਟ੍ਰੇਲੀਆ ਅੰਦਰ ਵੀ ਸਥਿਤੀ ਕਾਬੂ ਹੇਠ ਹੀ ਦਿਖਾਈ ਦੇ ਰਹੀ ਹੈ ਅਤੇ ਰਾਜਾਂ ਅਤੇ ਟੈਰਿਟਰੀਆਂ ਦੀਆਂ ਸਰਕਾਰਾਂ ਹੁਣ ਕੋਵਿਡ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਹੋਰ ਛੋਟਾਂ ਦੇਣ ਬਾਰੇ ਕਾਰਵਾਈਆਂ ਕਰਨ ਲੱਗੀਆਂ ਹਨ। ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਹੁਣ ਟੀਚਾ ਇਹ ਰੱਖਿਆ ਹੈ ਕਿ ਆਉਣ ਵਾਲੇ ਕੱਲ੍ਹ, ਐਤਵਾਰ, ਤੱਕ ਦਾ ਟੈਸਟਿੰਗ ਵਾਲਾ ਸਮੁੱਚਾ ਰਿਕਾਰਡ ਵਾਚਿਆ ਜਾਵੇਗਾ ਅਤੇ ਇਸੇ ਦੇ ਆਧਾਰ ਉਪਰ ਨਵੀਆਂ ਰਿਆਇਤਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਵੈਸੇ ਵਿਕਟੋਰੀਆ ਅੰਦਰ ਹਾਲੇ ਵੀ ਸਿਡਨੀ ਨੂੰ ਰੈਡ-ਜ਼ੌਨ ਹੀ ਮੰਨਿਆ ਜਾ ਰਿਹਾ ਹੈ ਅਤੇ ਬੀਤੇ ਪੰਦਰ੍ਹਵਾੜੇ ਦੌਰਾਨ ਜੇਕਰ ਕੋਈ ਸਿਡਨੀ ਗਿਆ ਸੀ ਅਤੇ ਵਿਕਟੋਰੀਆ ਸਰਕਾਰ ਦੀਆਂ ਵਾਜਿਬ ਛੋਟਾਂ ਤੋਂ ਬਿਨ੍ਹਾਂ ਵਾਪਿਸ ਆਇਆ ਤਾਂ ਉਸਨੂੰ 5,000 ਡਾਲਰ ਦਾ ਜੁਰਮਾਨਾ ਅਤੇ 14 ਦਿਨਾਂ ਦੇ ਕੁਆਰਨਟੀਨ ਵਿੱਚ ਰਹਿਣਾ ਹੋਵੇਗਾ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਰਾਜ ਅੰਦਰ ਹੁਣ ਕੋਈ ਵੀ ਰੈਡ-ਜ਼ੌਨ ਨਹੀਂ ਹੈ ਤਾਂ ਫੇਰ ਵਿਕਟੋਰੀਆ ਨੂੰ ਵੀ ਇਸ ਬਾਬਤ ਸੋਚਣਾ ਚਾਹੀਦਾ ਹੈ ਅਤੇ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ। ਵਿਕਟੋਰੀਆ ਦੇ ਸਿਹਤ ਮੰਤਰੀ ਮਾਰਟਿਨ ਫੋਲੇ ਨੇ ਵੀ ਕਿਹਾ ਹੈ ਕਿ ਰਾਜ ਸਰਕਾਰ ਪਹਿਲਾਂ ਤੋਂ ਐਲਾਨੇ ਗਏ ਰੈਡ-ਜ਼ੋਨਾਂ ਉਪਰ ਵਿਚਾਰ ਕਰ ਰਹੀ ਹੈ ਅਤੇ ਛੇਤੀ ਹੀ ਨਵੇਂ ਫੈਸਲੇ ਸੁਣਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬੀਤੇ ਦਿਸੰਬਰ ਦੀ 16 ਤਾਰੀਖ ਤੋਂ ਹੁਣ ਤੱਕ ਗ੍ਰੇਟਰ ਸਿਡਨੀ ਅੰਦਰ ਹਾਲੇ ਵੀ 200 ਕਰੋਨਾ ਦੇ ਮਾਮਲੇ ਮੌਜੂਦ ਹਨ ਅਤੇ ਇਹ ਮਹਿਜ਼ ਉਤਰੀ ਬੀਚਾਂ ਦੀ ਗੱਲ ਨਹੀਂ ਹੈ। ਫੇਰ ਵੀ ਸਰਕਾਰ ਵਿਚਾਰ ਕਰ ਹੀ ਰਹੀ ਹੈ ਅਤੇ ਸਰਕਾਰ ਦਾ ਹਰ ਫੈਸਲਾ ਜਨਹਿਤ ਵਿੱਚ ਹੀ ਹੋਵੇਗਾ।

Install Punjabi Akhbar App

Install
×