ਆਸਟ੍ਰੇਲੀਆਈ ਪੋਸਟ: ਪਾਰਸਲ ਵਿਭਾਗ ਦੀ ਚੜ੍ਹਾਈ -ਰਿਕਾਰਡ 8.5% ਦੀ ਚੜ੍ਹਤ

ਕੋਵਿਡ-19 ਬਿਮਾਰੀ ਕਾਲ ਨੇ ਬਹੁਤ ਸਾਰੇ ਅਦਾਰਿਆਂ ਨੂੰ ਨੁਕਸਾਨ ਪਹੁੰਚਾਇਆ ਹੈ ਪਰੰਤੂ ਕੁੱਝ ਕੁ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਸ ਕਾਲ ਦੌਰਾਨ ਮੁਨਾਫ਼ਾ ਵੀ ਹੋ ਰਿਹਾ ਹੈ।
ਆਸਟ੍ਰੇਲੀਆਈ ਪੋਸਟ ਨੇ ਇੱਕ ਡਾਟਾ ਜਾਰੀ ਕਰਦਿਆਂ ਦੱਸਿਆ ਹੈ ਕਿ ਸਾਲ 2021 ਦੀ ਬਨਿਸਪਤ, ਇਸ ਸਾਲ 2022 ਦੌਰਾਨ, ਵਿਭਾਗ ਨੇ 8.5% ਦੀ ਚੜ੍ਹਤ ਹਾਸਿਲ ਕੀਤੀ ਹੈ ਅਤੇ ਕੋਵਿਡ ਕਾਲ ਦੌਰਾਨ ਪਾਰਸਲਾਂ ਆਦਿ ਦੇ ਵਾਧੇ ਕਾਰਨ ਪੋਸਟਲ ਵਿਭਾਗ ਨੂੰ 8.97 ਬਿਲੀਅਨ ਦਾ ਰੈਵਨਿਊ ਪ੍ਰਾਪਤ ਹੋਇਆ ਹੈ।
ਇਕੱਲੇ ਪਾਰਸਲਾਂ ਦੀ ਡਲਿਵਰੀ ਤੋਂ ਹੀ ਵਿਭਾਗ ਨੂੰ 7.2 ਬਿਲੀਅਨ ਡਾਲਰਾਂ ਦਾ ਰੈਵਨਿਊ ਪ੍ਰਾਪਤ ਹੋਇਆ ਹੈ ਜਿਸ ਦਾ ਕਾਰਨ ਸਿੱਧੇ ਤੌਰ ਤੇ ਲਾਕਡਾਊਨਾਂ ਦੌਰਾਨ ਆਨਲਾਈਨ ਖਰੀਦ ਆਦਿ ਨੂੰ ਹੀ ਮੰਨਿਆ ਜਾ ਰਿਹਾ ਹੈ।
ਆਂਕੜਿਆਂ ਰਾਹੀਂ ਵਿਭਾਗ ਨੇ ਇਹ ਵੀ ਦਰਸਾਇਆ ਹੈ ਕਿ ਲੋਕਾਂ ਦੇ ਚਿੱਠੀਆਂ ਆਦਿ ਭੇਜਣ ਦਾ ਚਲਨ ਤਕਰੀਬਨ 4% ਤੱਕ ਘੱਟ ਚੁਕਿਆ ਹੈ ਅਤੇ ਇਸ ਦਾ ਕਾਰਨ ਮੋਬਾਇਲ ਉਪਰ ਸਿੱਧੀਆਂ ਗੱਲਾਂ, ਈਮੇਲਾਂ, ਇਲੈਕਟ੍ਰਾਨਿਕ ਮੈਸਜਾਂ ਆਦਿ ਨੂੰ ਹੀ ਮੰਨਿਆ ਜਾ ਰਿਹਾ ਹੈ।
ਵਿਭਾਗ ਨੇ ਕਿਹਾ ਕਿ ਘਰੇਲੂ ਚਿੱਠੀਆਂ ਦਾ ਰਿਵਾਜ਼ ਘਟਿਆ ਹੈ ਅਤੇ ਇਸ ਸਮੇਂ 97% ਜਿਹੜਾ ਚਿੱਠੀ-ਪੱਤਰ ਵਿਹਾਰ ਚੱਲ ਰਿਹਾ ਹੈ ਉਹ ਬਿਜਨਸ ਅਦਾਰਿਆਂ ਅਤੇ ਜਾਂ ਫੇਰ ਸਰਕਾਰੀ ਅਦਾਰਿਆਂ ਆਦਿ ਦੁਆਰਾ ਹੀ ਕੀਤਾ ਜਾਂਦਾ ਹੈ।
ਮਹਿੰਗਾਈ ਦੀ ਦਰ ਦਾ ਅਸਰ ਪੋਸਟਲ ਵਿਭਾਗ ਉਪਰ ਵੀ ਪਿਆ ਹੈ ਅਤੇ ਇਸ ਨਾਲ ਨਜਿੱਠਣ ਵਾਸਤੇ ਹੁਣ ਪੋਸਟਲ ਵਿਭਾਗ ਵੀ ਆਪਣੇ ਰੇਟਾਂ ਆਦਿ ਨੂੰ ਵਧਾ ਰਿਹਾ ਹੈ ਅਤੇ ਜਿਹੜਾ ਮੁੱਢਲਾ ਰੇਟ ਇਸ ਸਮੇਂ 1.10 ਡਾਲਰ ਦਾ ਚੱਲ ਰਿਹਾ ਹੈ ਉਸ ਨੂੰ ਹੁਣ ਵਿਭਾਗ ਨੇ ਅਗਲੇ ਸਾਲ ਜਨਵਰੀ ਦੇ ਮਹੀਨੇ ਤੋਂ ਵਧਾ ਕੇ 1.20 ਡਾਲਰ ਕਰਨ ਦਾ ਫ਼ੈਸਲਾ ਲੈ ਲਿਆ ਹੈ।
ਚਿੱਠੀ-ਪੱਤਰਾਂ ਤੋਂ ਪ੍ਰਾਪਤ ਹੋਣ ਵਾਲਾ ਰੈਵਨਿਊ ਦੀ ਮੌਜੂਦਾ ਸਥਿਤੀ 1.8 ਬਿਲੀਅਨ ਡਾਰਲਾਂ ਹੈ ਜੋ ਕਿ ਬੀਤੇ ਸਾਲ ਨਾਲੋਂ 255.7 ਮਿਲੀਅਨ ਡਾਲਰ ਘਾਟੇ (24.3%) ਵਿੱਚ ਚੱਲ ਰਿਹਾ ਹੈ।

Install Punjabi Akhbar App

Install
×