ਪਾਪੂਆ ਨਊ ਗਿਨੀ ਵਿੱਚ ਕਰੋਨਾ ਦਾ ਕਹਿਰ, ਆਸਟ੍ਰੇਲੀਆ ਵਾਧੂ ਮਦਦ ਲਈ ਤਿਆਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪਾਪੂਆ ਨਊ ਗਿਨੀ ਦੇਸ਼ ਅੰਦਰ ਕਰੋਨਾ ਦੇ ਕਹਿਰ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਉਥੇ ਵਾਧੂ ਮਦਦ ਭੇਜਣ ਦਾ ਮਨ ਬਣਾਇਆ ਹੈ ਅਤੇ ਇਸ ਵਾਸਤੇ ਕਵਾਇਦਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਪਾਪੂਆ ਨਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਜ਼ ਮਾਰਾਪੇ ਨੇ ਜਦੋਂ ਦਾ ਦੇਸ਼ ਅੰਦਰ ਕਰੋਨਾ ਆਊਟਬ੍ਰੇਕ ਦਾ ਐਲਾਨ ਕੀਤਾ ਹੈ ਅਤੇ ਆਸਟ੍ਰੇਲੀਆ ਨੂੰ ਮਦਦ ਲਈ ਗੁਹਾਰ ਲਗਾਈ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਫਾਸਟ ਟ੍ਰੈਕਿੰਗ ਵੈਕਸੀਨ ਅਤੇ ਸਿਹਤ ਕਰਮਚਾਰੀਆਂ ਦੀ ਜ਼ਰੂਰਤ ਹੈ ਤਾਂ ਆਸਟ੍ਰੇਲੀਆ ਦੇ ਬਾਹਰੀ ਰਾਜਾਂ ਦੇ ਮੰਤਰੀ ਮੈਰਿਸ ਪਾਇਨ ਨੇ ਕਿਹਾ ਹੈ ਕਿ ਉਹ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਪੂਰਨ ਸਹਿਯੋਗ ਦੇਣ ਦਾ ਵਚਨ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬੜੀ ਜਲਦੀ ਹੀ ਇਹ ਫੈਸਲਾ ਲੈਣ ਵਾਲੀ ਹੈ ਕਿਉਂਕਿ ਸਰਕਾਰੀ ਤੌਰ ਉਪਰ ਸਾਰੀ ਗੱਲਬਾਤ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇੱਕ ਮੈਡੀਕਲ ਟੀਮ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਟੀਮ ਅੰਦਰ ਇੱਕ ਇਨਫੈਕਸ਼ਨ ਮਾਹਿਰ ਵੀ ਹੋਵੇਗਾ ਅਤੇ ਇਸ ਟੀਮ ਨੂੰ ਪਾਪੂਆ ਨਊ ਗਿਨੀ ਵਿਖੇ ਲੋਕਾਂ ਦੀ ਮਦਦ ਅਤੇ ਉਨ੍ਹਾਂ ਨੂੰ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਜਲਦੀ ਹੀ ਭੇਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਾਪੂਆ ਨਊ ਗਿਨੀ ਵਿੱਚ 2,269 ਕਰੋਨਾ ਦੇ ਮਾਮਲੇ ਬੀਤੇ ਕੱਲ੍ਹ -ਸੋਮਵਾਰ, ਤੱਕ ਦਰਜ ਕੀਤੇ ਜਾ ਚੁਕੇ ਸਨ ਅਤੇ ਇਨ੍ਹਾਂ ਵਿੱਚੋਂ ਬੀਤੇ 24 ਘੰਟਿਆਂ ਦੌਰਾਨ ਹੀ 97 ਮਾਮਲੇ ਦਰਜ ਕੀਤੇ ਗਏ ਸਨ।
ਜ਼ਿਕਰਯੋਗ ਇਹ ਵੀ ਹੈ ਕਿ ਆਸਟ੍ਰੇਲੀਆ ਨੇ ਪਾਪੂਆ ਨਊ ਗਿਨੀ ਲਈ ਪਹਿਲਾਂ ਤੋਂ ਹੀ ਕਰੋਨਾ ਖ਼ਿਲਾਫ਼ ਮਦਦ ਲਈ ਧਨ ਰਾਸ਼ੀ ਐਲਾਨੀ ਹੋਈ ਹੈ ਜਿਸ ਵਿੱਚ ਕਿ 60 ਮਿਲੀਅਨ ਤੋਂ ਵੀ ਜ਼ਿਆਦਾ ਧਨ ਰਾਸ਼ੀ ਸ਼ਾਮਿਲ ਹੈ ਅਤੇ 144.6 ਮਿਲੀਅਨ ਦੀ ਰਾਸ਼ੀ ਕਰੋਨਾ ਵੈਕਸੀਨ ਦੇ ਵਿਤਰਣ ਲਈ ਵੀ ਰੱਖੀ ਹੋਈ ਹੈ। ਪਾਪੂਆ ਨਊ ਗਿਨੀ ਨੇ ਆਸਟ੍ਰੇਲੀਆ ਕੋਲੋਂ 200,000 ਐਸਟ੍ਰਾਜ਼ੈਨੇਕਾ ਡੋਜ਼ਾਂ ਅਤੇ ਭਾਰਤ ਕੋਲੋਂ 70,000 ਡੋਜ਼ਾਂ ਲਈਆਂ ਹਨ।

Install Punjabi Akhbar App

Install
×