ਸਜ਼ਾ ਭੁਗਤ ਕੇ ਬਾਹਰ ਆਉਣ ਵਾਲੇ ਆਤੰਕਵਾਦੀ ਕੈਦੀਆਂ ਨਾਲ ਕੀ ਕਰੇਗੀ ਫੈਡਰਲ ਸਰਕਾਰ…..?

ਫੈਡਰਲ ਸਰਕਾਰ ਦੇ ਘਰੇਲੂ ਮਾਮਲਿਆਂ ਦੇ ਮੰਤਰੀ ਕੈਰਨ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਤੰਕਵਾਦੀ ਅਪਰਾਧਿਕ ਗਤੀਵਿਧੀਆਂ ਵਿੱਚ ਸ਼ੁਮਾਰ ਵਿਅਕਤੀ ਜੋ ਕਿ ਸਮਾਂ ਰਹਿੰਦਿਆਂ ਪੁਲਿਸ ਵੱਲੋਂ ਫੜ੍ਹੇ ਗਏ ਅਤੇ ਕਾਨੂੰਨ ਤਹਿਤ ਸਜ਼ਾਵਾਂ ਭੁਗਤ ਰਹੇ ਹਨ ਅਤੇ ਜਦੋਂ ਉਹ ਆਪਣੀਆਂ ਸਜ਼ਾਵਾਂ ਭੁਗਤ ਕੇ ਬਾਹਰ ਆਉਂਦੇ ਹਨ ਤਾਂ ਫੇਰ ਕਾਨੂੰਨ ਵਿੱਚ ਅਜਿਹੇ ਕੋਈ ਪ੍ਰਾਵਧਾਨ ਨਹੀਂ ਹੁੰਦੇ ਜਿਨ੍ਹਾਂ ਰਾਹੀਂ ਕਿ ਉਨ੍ਹਾਂ ਉਪਰ ਦਿਨ ਰਾਤ ਨਜ਼ਰ ਰੱਖੀ ਜਾ ਸਕੇ ਅਤੇ ਇਸ ਕਾਰਨ ਉਹ ਕਾਨੂੰਨ ਦੀ ਲਾਚਾਰਗੀ ਦਾ ਫਾਇਦਾ ਉਠਾਉਂਦੇ ਹਨ ਅਤੇ ਕਈ ਵਾਰੀ ਮੁੜ ਤੋਂ ਆਪਣੀਆਂ ਪੁਰਾਣੀਆਂ ਅਤੇ ਆਤੰਕਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਜਾਂਦੇ ਹਨ। ਉਨ੍ਹਾਂ ਉਪਰ ਮੁੜ ਤੋਂ ਨਜ਼ਰ ਰੱਖਣ ਖਾਤਰ, ਆਸਟ੍ਰੇਲੀਆ ਸਰਕਾਰ ਨੇ ਕੌਮੀ ਪੱਧਰ ਤੇ ਇੱਕ ਅਜਿਹਾ ਰਜਿਸਟਰ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ ਜਿਨ੍ਹਾਂ ਦੇ ਤਹਿਤ ਅਜਿਹੇ ਅਪਰਾਧੀਆਂ ਦੇ ਨਾਮ ਅਤੇ ਪਤੇ ਠਿਕਾਣੇ ਸ਼ਾਮਿਲ ਹੋਣਗੇ ਜੋ ਕਿ ਆਪਣੀਆਂ ਸਜ਼ਾਵਾਂ ਭੁਗਤ ਕੇ ਜੇਲ੍ਹ ਵਿੱਚੋਂ ਬਾਹਰ ਆਉਣਗੇ ਅਤੇ ਇਸ ਬਾਬਤ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਨਾਲ ਲੈਸ ਕੀਤਾ ਜਾਵੇਗਾ।
ਅਗਲੇ ਹਫ਼ਤੇ ਪੇਸ਼ ਹੋਣ ਵਾਲੇ ਫੈਡਰਲ ਬਜਟ ਵਿੱਚ ਇਸ ਵਾਸਤੇ 20 ਮਿਲੀਅਨ ਦੀ ਫੰਡਿੰਗ ਦਾ ਪ੍ਰਾਵਧਾਨ ਰੱਖਿਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਅਜਿਹੇ ਸੁਪਰਵਿਜ਼ਨ ਪਲਾਨ ਵਾਸਤੇ ਹੋਰ 70 ਮਿਲੀਅਨ ਡਾਲਰਾਂ ਦਾ ਫੰਡ ਵੀ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਅਗਲੇ 4 ਹਫ਼ਤਿਆਂ ਦੌਰਾਨ, ਦੇਸ਼ ਦੀਆਂ ਵੱਖਰੀਆਂ ਵੱਖਰੀਆਂ ਜੇਲ੍ਹਾਂ ਵਿੱਚੋਂ ਸਜ਼ਾ ਭੁਗਤ ਕੇ ਅਜਿਹੇ ਉਚ ਸ਼੍ਰੇਣੀ ਦੇ 18 ਦੀ ਗਿਣਤੀ ਵਿੱਚ ਆਤੰਕਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਕੈਦੀ, ਆਪਣੀਆਂ ਸਜ਼ਾਵਾਂ ਭੁਗਤ ਕੇ ਬਾਹਰ ਆ ਰਹੇ ਹਨ ਅਤੇ ਉਨ੍ਹਾਂ ਉਪਰ ਨਜ਼ਰ ਰੱਖਣੀ ਜ਼ਰੂਰੀ ਹੈ। ਅਤੇ ਉਨ੍ਹਾਂ ਇਹ ਵੀ ਕਿਹਾ ਕਿ ਸਾਲ 2014 ਤੋਂ ਹੁਣ ਤੱਕ 144 ਅਪਰਾਧੀ ਉਪਰੋਕਤ ਆਤੰਕਵਾਦੀ ਗਤੀਵਿਧੀਆਂ ਕਾਰਨ ਆਪਣੀਆਂ ਸਜ਼ਾਵਾਂ ਜੇਲ੍ਹਾਂ ਵਿੱਚ ਭੁਗਤ ਰਹੇ ਹਨ।

Install Punjabi Akhbar App

Install
×