ਆਸਟ੍ਰੇਲੀਆ ਨਿਊਜ਼ੀਲੈਂਡ ਦਰਮਿਆਨ ਯਾਤਰਾ ਸਬੰਧੀ ਪਾਬੰਦੀਆਂ ਵਿੱਚ ਵਾਧਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਕਲੈਂਡ ਦੇ ਪਲਮੈਨ ਹੋਟਲ ਅੰਦਰ ਹੋਟਲ ਕੁਆਰਨਟੀਨ ਵਿੱਚ 2 ਮਾਮਲਿਆਂ ਦੇ ਇਜ਼ਾਫੇ ਕਾਰਨ ਆਸਟ੍ਰੇਲੀਆਈ ਸਰਕਾਰ ਨੇ ਨਿਊਜ਼ੀਲੈਂਡ ਵਿਚਾਲੇ ਕੁਆਰਨਟੀਨ ਤੋਂ ਮੁਕਤ ਯਾਤਰਾਵਾਂ ਸਬੰਧੀ ਲਗਾਏ ਬੈਨ ਨੂੰ ਹੋਰ 72 ਘੰਟਿਆਂ ਲਈ ਵਧਾ ਦਿੱਤਾ ਹੈ। ਕਾਰਜਕਾਰੀ ਮੁੱਖ ਸਿਹਤ ਅਧਿਕਾਰੀ ਮਾਈਕਲ ਕਿਡ ਦਾ ਕਹਿਣਾ ਹੈ ਕਿ ਉਕਤ ਦੋਹੇਂ ਮਾਮਲੇ ਦੱਖਣੀ ਆਸਟ੍ਰੇਲੀਆਈ ਕਰੋਨਾਵਾਇਰਸ ਦੇ ਸੰਸਕਰਣ ਦੇ ਹਨ ਅਤੇ ਅਹਿਤਿਆਦਨ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੇਦ ਹੈ ਕਿ ਅਚਨਚੇਤੀ ਇਹ ਫੈਸਲਾ ਲੈਣਾ ਪਿਆ ਹੈ ਪਰੰਤੂ ਇਸ ਤੋਂ ਇਲਾਵਾ ਚਾਰਾ ਵੀ ਕੋਈ ਨਹੀਂ ਹੈ ਅਤੇ ਹੁਣ ਨਿਊਜ਼ੀਲੈਂਡ ਵਿਚਲੀ ਸਥਿਤੀ ਅਤੇ ਆਂਕੜਿਆਂ ਉਪਰ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਅਧਿਕਾਰੀਆਂ ਨੇ ਦੋ ਕਰੋਨਾ ਦੇ ਮਾਮਲਿਆਂ ਨੂੰ ਸਥਾਨਕ ਟ੍ਰਾਂਸਮਿਸ਼ਨ ਦਾ ਮੰਨਿਆ ਹੈ ਪਰੰਤੂ ਨਿਊਜ਼ੀਲੈਂਡ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸਲ ਵਿੱਚ ਹੋਟਲ ਕੁਆਰਨਟੀਨ ਵਿੱਚ ਤਿੰਨ ਨਵੇਂ ਮਾਮਲੇ ਆਏ ਹਨ ਪਰੰਤੂ ਸਥਾਨਕ ਸਥਾਨੰਤਰਣ ਦਾ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ ਹੈ। ਡਾ. ਕਿਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ‘ਗਰੀਨ ਜ਼ੋਨ ਟ੍ਰੈਵਲ’ ਅਧੀਨ, ਸਿਡਨੀ ਅੰਦਰ ਨਿਊਜ਼ੀਲੈਂਡ ਦੇ ਪਲਮੈਨ ਹੋਟਲ ਤੋਂ 12 ਯਾਤਰੀ ਆਏ ਸਨ ਅਤੇ ਹੁਣ ਉਨ੍ਹਾਂ ਦੇ ਠਿਕਾਣਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿੱਥੇ ਕਿੱਥੇ ਉਤਰੇ ਸਨ। ਲਗਾਇਆ ਗਿਆ ਇਹ ਨਵਾਂ ਬੈਨ ਹੁਣ ਐਤਵਾਰ ਨੂੰ ਦੁਪਹਿਰ 2 ਵਜੇ ਤੱਕ ਲਾਗੂ ਰਹੇਗਾ ਅਤੇ ਇਸ ਤੋਂ ਬਾਅਦ ਸਥਿਤੀਆਂ ਨੂੰ ਵਾਚਿਆ ਜਾਵੇਗਾ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸੇ ਹਫਤੇ ਦੇ ਸ਼ੁਰੂ ਵਿੱਚ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਯਾਤਰਾਵਾਂ ਉਪਰ ਹੱਦ ਤੋਂ ਜ਼ਿਆਦਾ ਚਿੰਤਾ ਨਾ ਜਤਾਈ ਜਾਵੇ ਕਿਉਂਕਿ ਨਿਊਜ਼ੀਲੈਂਡ ਦੇ ਸਿਹਤ ਅਧਿਕਾਰੀ ਇਸ ਪ੍ਰਤੀ ਕਾਫੀ ਜਾਗਰੂਕ ਹਨ ਅਤੇ ਉਹ ਚਾਹੁੰਦੇ ਹਨ ਕਿ ਟ੍ਰਾਂਸ-ਟੈਸਮੈਨ ਦਾ ਦਾਇਰਾ ਵਧਾਇਆ ਜਾਵੇ ਅਤੇ ਦੋਹਾਂ ਦੇਸ਼ਾਂ ਦਰਮਿਆਨ ਮੁੜ ਤੋਂ ਕੁਆਰਨਟੀਨ ਮੁਕਤ ਯਾਤਰਾਵਾਂ ਸ਼ੁਰੂ ਕੀਤੀਆਂ ਜਾ ਸਕਣ।

Install Punjabi Akhbar App

Install
×