‘ਬ੍ਰਿਸਬੇਨ ਸਹਾਰਾ ਘਰ’ ਨੂੰ ਆਸਟ੍ਰੇਲੀਆਈ ਸਰਕਾਰ ਵੱਲੋਂ ਵੱਡੀ ਵਿੱਤੀ ਸਹਾਇਤਾ

ਘਰੇਲੂ ਹਿੰਸਾ ਤੋਂ ਪੀੜ੍ਹਤ ਔਰਤਾਂ ਅਤੇ ਬੱਚਿਆਂ ਲਈ ਹੈ ਇਹ ਪਨਾਹਗਾਹ

(ਬ੍ਰਿਸਬੇਨ) ਸੂਬਾ ਕੂਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿੱਚ ਸਾਲ 2018 ਤੋਂ ਸਮਾਜ ਸੇਵਾ ਲਈ ਕਾਰਜਸ਼ੀਲ ਸੰਸਥਾ ‘ਸਹਾਰਾ ਘਰ’ ਜੋ ਕਿ ਭਾਰਤੀ ਮੂਲ ਤੋਂ ਕਿਸੇ ਵੀ ਧਰਮ ਅਤੇ ਪਿਛੋਕੜ ਦੀਆਂ ਘਰੇਲੂ ਹਿੰਸਾ ਤੋਂ ਪੀੜ੍ਹਤ ਔਰਤਾਂ ਅਤੇ ਬੱਚਿਆਂ ਨੂੰ ਸ਼ਰਨ ਅਤੇ ਮੁੱਢਲੀਆ ਸੇਵਾਵਾਂ ਪ੍ਰਦਾਨ ਕਰਦੀ ਹੈ ਨੂੰ ਆਸਟ੍ਰੇਲੀਆਈ ਸੰਘੀ ਸਰਕਾਰ ਵੱਲੋਂ ਇਸ ਪਨਾਹਗਾਹ ਦੀ ਨਵੀਂ ਰਿਹਾਇਸ਼ ਬਣਾਉਣ ਤੇ ਪੁਰਾਤਨ ਇਮਾਰਤ ਦੇ ਨਵੀਨੀਕਰਨ ਦੇ ਲਈ ਦੋ ਲੱਖ ਇਕੱਤੀ ਹਜ਼ਾਰ ਡਾਲਰ (ਕਰੀਬ ਇੱਕ ਕਰੋੜ ਅਤੇ ਵੀਹ ਲੱਖ ਰੁਪਏ) ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਹਾਰਾ ਘਰ ਦੀ ਮੈਨੇਜਰ ਬੀਬੀ ਜਤਿੰਦਰ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਘੀ ਸਰਕਾਰ ਦੇ ਸਮਾਜਿਕ ਸੇਵਾਵਾਂ ਵਿਭਾਗ ਵੱਲੋਂ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ ਅਤੇ ਇੱਥੋਂ ਦਾ ਪੰਜਾਬੀ ਭਾਈਚਾਰਾ ਤੇ ਬ੍ਰਿਸਬੇਨ ਸਿਟੀ ਕੌਂਸਲ ਵੀ ਵਿੱਤੀ ਸਹਾਇਤਾ ਦੁਆਰਾ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਦੱਸਣਯੋਗ ਹੈ ਕਿ ਬ੍ਰਿਸਬੇਨ ਸਿੱਖ ਗੁਰੂਘਰ ਦੀ ਮਲਕੀਅਤ ਵਾਲੇ ਇਸ ਸਹਾਰਾ ਘਰ ਵਿੱਚ ਪੰਜ ਔਰਤਾਂ ਤੇ ਪੰਜ ਬੱਚੇ ਸ਼ਰਨ ‘ਚ ਹਨ ਅਤੇ ਇਸ ਵਿੱਤੀ ਸਹਾਇਤਾ ਨਾਲ ਨਵੀਂ ਰਿਹਾਇਸ਼ ਤਿਆਰ ਹੋਣ ‘ਤੇ ਪੰਦਰਾਂ ਔਰਤਾਂ ਨੂੰ ਸ਼ਰਨ ਦਿੱਤੀ ਜਾ ਸਕੇਗੀ। ਬੀਬੀ ਜੀ ਨੇ ਹੋਰ ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਕਈ ਪਰਿਵਾਰਾਂ ‘ਚ ਘਰੇਲੂ ਹਿੰਸਾ ਤੇ ਤਣਾਅ ਵਿੱਚ ਵਾਧਾ ਹੋਇਆ ਹੈ। ਜਿਸ ਕਾਰਨ ਸਹਾਰਾ ਘਰ ਵਿੱਚ ਸ਼ਰਨ ਤੇ ਹੋਰ ਜ਼ਰੂਰੀ ਸੇਵਾਵਾਂ (ਸਲਾਹ, ਪੁਲੀਸ, ਅਦਾਲਤ, ਵੀਜ਼ਾ, ਨੌਕਰੀ) ਆਦਿ ਸਬੰਧੀ ਸਹਾਇਤਾ ਲੈਣ ਦੀ ਵੀ ਮੰਗ ਵਧੀ ਹੈ। ਉਹਨਾਂ ਦਾ ਮੰਨਣਾ ਹੈ ਕਿ ਸਾਡੀਆ ਹੋਰ ਵੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਘਰੇਲੂ ਹਿੰਸਾ ਤੋਂ ਪੀੜ੍ਹਤ ਔਰਤਾਂ ਦੀ ਭਲਾਈ ਦੇ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਹੀ ਮਜ਼ੂਦਾ ਸਮੇਂ ਦੀ ਵਿਸ਼ਵ ਵਿਆਪੀ ਮੰਗ ਵੀ ਹੈ। ਗੌਰਤਲਬ ਹੈ ਕਿ ਇਹ ਸਹਾਰਾ ਘਰ ਪੀੜ੍ਹਤ ਔਰਤਾਂ ਨੂੰ ਮੁੜ ਤੋਂ ਬਿਹਤਰ ਜਿੰਦਗੀ ਦੇਣ ਦੇ ਲਈ ਨਿਰੰਤਰ ਸੇਵਾ ਨਿਭਾ ਰਿਹਾ ਹੈ।

Install Punjabi Akhbar App

Install
×