ਇਟਲੀ ਤੋਂ ਬਾਅਦ ਹੁਣ ਫਰਾਂਸ ਵੱਲੋਂ ਵੀ ਆਸਟ੍ਰੇਲੀਆ ਨੂੰ ਕਰੋਨਾ ਵੈਕਸੀਨ ਦੇਣ ਵਿੱਚ ਆਨਾਕਾਨੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਵੱਲ ਭੇਜੀਆਂ ਜਾਣ ਵਾਲੀਆਂ 250,700 ਐਸਟ੍ਰਾਜ਼ੈਨੇਕਾ (ਕਰੋਨਾ ਵੈਕਸੀਨ) ਨੂੰ ਇਟਲੀ ਵੱਲੋਂ ਰੋਕੇ ਜਾਣ ਤੋਂ ਬਾਅਦ ਹੁਣ ਫਰਾਂਸ ਨੇ ਵੀ ਅਜਿਹੀ ਹੀ ਇੱਛਾ ਜਤਾਉਂਦਿਆਂ ਆਸਟ੍ਰੇਲੀਆ ਨੂੰ ਉਕਤ ਵੈਕਸੀਨ ਦੇਣ ਵਿੱਚ ਆਨਾਕਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੇ ਵਪਾਰ ਮੰਤਰੀ ਸ੍ਰੀ ਡੈਨ ਤੇਹਾਨ ਨੇ ਇੱਕ ਜਾਣਕਾਰੀ ਵਿੱਚ ਦੱਸਿਆ ਕਿ ਯੂਰੋਪ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।
ਯੂਰੋਪ ਦੇ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦਵਾਈ ਨੂੰ ਹੋਰ ਦੇਸ਼ਾਂ ਨੂੰ ਦੇਣ ਤੋਂ ਪਹਿਲਾਂ ਉਹ ਆਪਣੇ ਆਪਣੇ ਦੇਸ਼ਾਂ ਦੀ ਜਨਤਕ ਮੰਗ ਨੂੰ ਮੁੱਖ ਰੱਖਣਗੇ ਅਤੇ ਸਿਰਫ ਵਾਧੂ ਦਵਾਈ ਹੀ ਹੋਰ ਦੇਸ਼ਾਂ ਵਿੱਚ ਸਪਲਾਈ ਕੀਤੀ ਜਾਵੇਗੀ। ਇਟਲੀ ਦੇ ਬਾਹਰੀ ਰਾਜਾਂ ਦੇ ਮੰਤਰੀ ਸ੍ਰੀ ਲੋਇਗੀ ਡੀ. ਮਾਇਓ ਨੇ ਕਿਹਾ ਕਿ ਇਹ ਮਹਿਜ਼ ਇੱਕ ਜ਼ਰੂਰੀ ਪ੍ਰਕਿਰਿਆ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੇ ਮਨ-ਮੁਟਾਵ ਆਦਿ ਦੀ ਗੱਲ ਨਹੀਂ ਹੈ ਅਤੇ ਸਾਨੂੰ ਪਹਿਲਾਂ ਆਪਣੇ ਦੇਸ਼ ਦੀ ਜਨਤਕ ਮੰਗ ਨੂੰ ਹੀ ਮੁੱਖ ਰੱਖਣਾ ਚਾਹੀਦਾ ਹੈ।
ਸਿਹਤ ਮੰਤਰੀ ਗਰੈਗ ਹੰਟ ਵੱਲੋਂ ਇੱਕ ਬੁਲਾਰੇ ਨੇ ਕਿਹਾ ਕਿ ਇਸ ਨਾਲ ਦੇਸ਼ ਅੰਦਰ ਚਲ ਰਹੀ ਕਰੋਨਾ ਵੈਕਸੀਨ ਦੀ ਸਪਲਾਈ ਉਪਰ ਕੋਈ ਅਸਰ ਨਹੀਂ ਪਵੇਗਾ ਜਦੋਂ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦਾ ਕਹਿਣਾ ਹੈ ਕਿ ਉਹ ਇਸ ਬਾਬਤ ਯੂਰੋਪੀਆਈ ਕਮਿਸ਼ਨ ਨਾਲ ਗੱਲਬਾਤ ਕਰਨਗੇ।

Install Punjabi Akhbar App

Install
×