ਸਮੁੱਚੇ ਦੇਸ਼ ਅੰਦਰ ਅੱਜ, ਅਗਲੀ ਸਰਕਾਰ ਅਤੇ ਦੇਸ਼ ਦਾ 31ਵਾਂ ਪ੍ਰਧਾਨ ਮੰਤਰੀ ਚੁਣਨ ਵਾਸਤੇ ਵੋਟਾਂ ਪਾਈਆਂ ਜਾ ਰਹੀਆਂ ਹਨ।
ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਦੋ ਸਦਨ ਹਨ -ਹੇਠਲਾ ਸਦਨ (ਹਾਊਸ ਆਫ਼ ਰਿਪ੍ਰਿਜ਼ੈਂਟੇਟਿਵਜ਼) ਅਤੇ ਸੈਨੇਟ (ਉਪਰਲਾ ਸਦਨ)।
ਕਿਸੇ ਵੀ ਸਰਕਾਰ ਨੂੰ ਜਿੱਤਣ ਵਾਸਤੇ ਹੇਠਲੇ ਸਦਨ ਵਿੱਚ ਪੂਰਨ ਬਹੁਮੱਤ ਹਾਸਿਲ ਕਰਨਾ ਪੈਂਦਾ ਹੈ। ਦੇਸ਼ ਵਿੱਚ ਇਸ ਸਮੇਂ ਕੁੱਲ 151 ਚੋਣ ਖੇਤਰ ਹਨ ਅਤੇ ਹਰ ਖੇਤਰ ਵਿੱਚੋਂ ਇੱਕ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਹੈ। ਕਿਸੇ ਵੀ ਪਾਰਟੀ ਨੂੰ ਦੇਸ਼ ਵਿੱਚ ਸਰਕਾਰ ਬਣਾਉਣ ਵਾਸਤੇ ਕੁੱਲ 76 ਸੀਟਾਂ ਚਾਹੀਦੀਆਂ ਹੁੰਦੀਆਂ ਹਨ।
ਚੁਣਿਆ ਜਾਣਾ ਵਾਲਾ ਨੁਮਾਇੰਦਾ (ਐਮ.ਪੀ.) ਹਾਊਸ ਆਫ਼ ਰਿਪ੍ਰਿਜ਼ੈਂਟੇਟਿਵਜ਼ ਲਈ ਚੁਣਿਆ ਜਾਂਦਾ ਹੈ ਅਤੇ ਆਪਣੇ ਖੇਤਰ ਦੀ ਨੁਮਾਇੰਦਗੀ ਕਰਦਾ ਹੈ ਪਰੰਤੂ ਸੈਨੇਟਰ ਆਪਣੇ ਰਾਜ ਜਾਂ ਟੈਰਿਟਰੀ ਦੀ ਨੁਮਾਇੰਦਗੀ ਕਰਦਾ ਹੈ।
ਦੇਸ਼ ਦੇ ਹਿਤਾਂ ਆਦਿ ਬਣਾਏ ਜਾਣ ਵਾਲੇ ਕਾਨੂੰਨਾਂ ਦੇ ਬਿਲ ਆਦਿ ਹੇਠਲੇ ਸਦਨ ਵਿੱਚ ਹੀ ਪੇਸ਼ ਕੀਤੇ ਜਾਂਦੇ ਹਨ ਅਤੇ ਉਪਰਲੇ ਸਦਨ ਵਿੱਚ ਪੇਸ਼ ਕੀਤੇ ਗਏ ਬਿਲਾਂ ਆਦਿ ਉਪਰ ਬਹਿਸ ਕੀਤੀ ਜਾਂਦੀ ਹੈ ਅਤੇ ਬਦਲਾਅ ਆਦਿ ਵਾਸਤੇ, ਸੁਝਾਅ ਪੇਸ਼ ਕੀਤੇ ਜਾਂਦੇ ਹਨ। ਉਪਰਲੇ ਸਦਨ ਵਿੱਚ ਮੈਂਬਰਾਂ ਦੀ ਗਿਣਤੀ ਘੱਟ ਹੈ ਅਤੇ ਇਹ 76 ਤੱਕ ਸੀਮਿਤ ਹੈ ਪਰੰਤੂ ਇਨ੍ਹਾਂ ਦਾ ਕਾਰਜਕਾਲ 6 ਸਾਲਾਂ ਦਾ ਹੁੰਦਾ ਹੈ।
ਹਾਊਸ ਆਫ਼ ਰਿਪ੍ਰਿਜ਼ੈਂਟੇਟਿਵਜ਼ ਵਿੱਚ ਜਿਸ ਪਾਰਟੀ ਨੂੰ ਜ਼ਿਆਦਾ ਸੀਟਾਂ ਮਿਲ ਜਾਂਦੀਆਂ ਹਨ, ਉਸ ਪਾਰਟੀ ਦੇ ਨੇਤਾ ਨੂੰ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਉਪਰ ਬਿਰਾਜਮਾਨ ਕਰ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਹਰ ਤਿੰਨ ਸਾਲਾਂ ਬਾਅਦ ਫੈਡਲਰ ਚੋਣਾਂ ਕੀਤੀਆਂ ਜਾਂਦੀਆਂ ਹਨ ਅਤੇ ਹਰ ਆਸਟ੍ਰੇਲੀਆਈ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਲਈ ਚੋਣਾਂ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰਨਾ ਲਾਜ਼ਮੀ ਹੁੰਦਾ ਹੈ।
ਵੋਟਰ ਆਪਣੀ ਵੋਟ ‘ਤਰਜੀਹ’ ਦੇ ਹਿਸਾਬ ਨਾਲ ਪਾਉਂਦਾ ਹੈ। ਭਾਵ -ਆਪਣੇ ਖੇਤਰ ਦੇ ਜਿਸ ਉਮੀਦਵਾਰ ਨੂੰ ਵੋਟਰ ਜਿੰਨਾ ਪਸੰਦ ਕਰਦਾ ਹੈ ਉਸਦਾ ਉਨਾ ਹੀ ਨੰਬਰ ਲਗਾਇਆ ਜਾਂਦਾ ਹੈ। ਜੇ ਖੇਤਰ ਵਿੱਚ 8 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਤਾਂ ਵੋਟਰ ਵਾਸਤੇ 1 ਤੋਂ ਲੈ ਕੇ 8 ਤੱਕ ਦੀ ਤਰਜੀਹ ਦਰਸਾਉਣੀ ਹੁੰਦੀ ਹੈ। ਜਿਸ ਦੀ ਜ਼ਿਆਦਾ ਤਰਜੀਹ -ਉਹੀ ਜੇਤੂ।
ਪਰੰਤੂ ਜੇਕਰ ਜੇਤੂ ਉਮੀਦਵਾਰ ਦਾ ਫੈਸਲਾ ਨਹੀਂ ਹੋ ਪਾਂਦਾ ਤਾਂ ਸਭ ਤੋਂ ਘੱਟ ਤਰਜੀਹ ਵਾਲੇ ਉਮੀਦਵਾਰ ਨੂੰ ਦੰਗਲ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਪਈਆਂ ਵੋਟਾਂ ਦੂਸਰੇ ਉਮੀਦਵਾਰਾਂ ਵਿੱਚ ਵੰਡੀਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਕਾਰਵਾਈ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤੱਕ ਕਿ ਇੱਕ ਉਮੀਦਵਾਰ ਨੂੰ 50% ਤੋਂ ਜ਼ਿਆਦਾ ਵੋਟਾਂ ਨਾ ਮਿਲ ਜਾਣ ਅਤੇ ਉਸੇ ਨੂੰ ਜੇਤੂ ਕਰਾਰ ਦੇ ਦਿੱਤਾ ਜਾਂਦਾ ਹੈ।