ਆਸਟ੍ਰੇਲੀਆ ਵਿੱਚ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਵੀ ਸਥਿਤੀ ਅਸਪੱਸ਼ਟ

IMG_9526

ਆਸਟ੍ਰੇਲੀਆ ਵਿੱਚ ਸੰਘੀ ਚੋਣਾਂ ਨਿਬੜ ਚੁੱਕੀਆਂ ਹਨ ਪਰ ਲੋਕਾਂ ਵਿੱਚ ਅਜੇ ਵੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਕਿ ਕਿਹੜੀ ਸਿਆਸੀ ਧਿਰ ਸੱਤਾ ਸੰਭਾਲੇਗੀ।ਆਸਟ੍ਰੇਲੀਆਈ ਚੋਣ ਦੰਗਲ ਵਿੱਚ ਮੁੱਖ ਧਿਰ ਲਿਬਰਲ ਅਤੇ ਲੇਬਰ ਪਾਰਟੀ ਦੀ ਫਸਵੀਂ ਟੱਕਰ ਹੋਣ ਤੋਂ ਬਾਅਦ ਹੁਣ ਤੱਕ ਤਕਰੀਬਨ 80 ਫੀਸਦੀ ਨਤੀਜੇ ਸਾਹਮਣੇ ਆ ਚੁੱਕੇ ਹਨ।ਹੁਣ ਤੱਕ ਦੇ ਚੋਣ ਨਤੀਜਿਆਂ ਮੁਤਾਬਿਕ ਸੱਤਾਧਾਰੀ ਧਿਰ ਲਿਬਰਲ ਨੂੰ 68 ,ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਨੂੰ 67 , ਬਾਕੀ ਆਜ਼ਾਦ ਅਤੇ ਖੱਬੇ ਪੱਖੀ ਪਾਰਟੀਆਂ ਨੂੰ ਪੰਜ ਸੀਟਾਂ ਤੇ ਜਿੱਤ ਹਾਸਿਲ ਹੋ ਚੁੱਕੀ ਹੈ ਅਤੇ ਬਾਕੀ ਬਚਦੀਆਂ 10 ਸੀਟਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋਵੇਗੀ।ਸਰਕਾਰ ਬਣਾਉਣ ਲਈ ਕਿਸੇ ਵੀ ਧਿਰ ਨੂੰ 76 ਸੀਟਾਂ ਦੀ ਲੋੜ ਹੈ ਪਰ ਸਿਆਸੀ ਪਾਰਟੀਆਂ ਵਲੋਂ ਸਪੱਸ਼ਟ ਬਹੁਮਤ ਹਾਸਲ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਧੁੰਦਲਾ ਜਿਹਾ ਜਾਪ ਰਿਹਾ ਹੈ।ਫਿਲਹਾਲ ਮੰਗਲਵਾਰ ਨੂੰ ਡਾਕ ਰਾਹੀਂ ਪਾਈਆਂ ਗਈਆਂ ਵੋਟਾਂ ਅਤੇ ਗੈਰ ਹਾਜ਼ਰ ਵੋਟਾਂ ਦੀ ਗਿਣਤੀ ਸ਼ੁਰੂ ਹੋਣੀ ਹੈ ਅਤੇ ਇਸ ਦੇ ਨਤੀਜੇ ਚੋਣ ਸਮੀਕਰਣ ਬਦਲ ਸਕਦੇ ਹਨ।ਇਸ ਚੋਣ ਦੰਗਲ ਵਿੱਚ ਕਈ ਭਾਰਤੀ ਮੂਲ ਦੇ ਉਮੀਦਵਾਰਾਂ ਵਲੋਂ ਵੀ ਕਿਸਮਤ ਅਜ਼ਮਾਈ ਗਈ ਪਰ ਜਿੱਤ ਕਿਸੇ ਵੀ ਉਮੀਦਵਾਰ ਨੂੰ ਨਸੀਬ ਨਾ ਹੋ ਸਕੀ।

ਮੰਨਿਆ ਜਾ ਰਿਹਾ ਹੈ ਲਿਬਰਲ ਪਾਰਟੀ ਆਜ਼ਾਦ ਅਤੇ ਖੱਬੇ ਪੱਖੀ ਪਾਰਟੀਆਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦੇ ਰੌਂਅ ਵਿੱਚ ਹੈ ਪਰ ਜੇਕਰ ਹੁਕਮਰਾਨ ਧਿਰ 76 ਸੀਟਾਂ ਤੇ ਬਹੁਮਤ ਸਾਬਿਤ ਕਰਨ ਤੋਂ ਅਸਫਲ ਰਹਿੰਦੀ ਹੈ ਤਾਂ ਤ੍ਰਿਸ਼ੰਕੂ ਸੰਸਦ ਬਣਨ ਦੇ ਕਿਆਫੇ ਲਗਾਏ ਜਾ ਰਹੇ ਹਨ।ਹਾਲਾਂਕਿ ਪ੍ਰਧਾਨ ਮੰਤਰੀ ਮੈਲਕੁਮ ਟਰਨਬੁੱਲ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੀ ਸਰਕਾਰ ਲਿਬਰਲ ਦੀ ਹੀ ਹੋਵੇਗੀ ਪਰ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਮੰਗਲਵਾਰ ਤੋਂ ਬਾਅਦ ਆਉਣ ਵਾਲੇ ਨਤੀਜਿਆਂ ਤੇ ਲੱਗੀਆਂ ਹਨ।

 (ਮੈਲਬੋਰਨ,ਮਨਦੀਪ ਸਿੰਘ ਸੈਣੀ)

mandeepsaini@live.in

Install Punjabi Akhbar App

Install
×