ਨਾਗਰਿਕਤਾ ਸਮਾਰੋਹ ਅਤੇ ਆਸਟ੍ਰੇਲੀਆ ਦਿਹਾੜੇ ਉਪਰ ਫੈਡਰਲ ਸਰਕਾਰ ਦਾ ਨਵਾਂ ਫ਼ੈਸਲਾ

ਸਕਾਟ ਮੋਰੀਸਨ ਸਰਕਾਰ ਦਾ ਫ਼ੈਸਲਾ, ਜਿਸ ਵਿੱਚ ਕਿਹਾ ਗਿਆ ਸੀ ਕਿ ਦੇਸ਼ ਦੀਆਂ ਸਥਾਨਕ ਕਾਂਸਲਾਂ ਵੱਲੋਂ ਆਪਣੇ ਆਪਣੇ ਖੇਤਰਾਂ ਅੰਦਰ ਮਨਾਇਆ ਜਾਣ ਵਾਲਾ ਨਾਗਰਿਕਤਾ ਸਮਾਹਰੋਹ 26 ਜਨਵਰੀ ਨੂੰ ਛੱਡ ਕੇ ਕਿਸੇ ਵੀ ਦਿਨ ਮਨਾਇਆ ਜਾ ਸਕਦਾ ਹੈ, ਨੂੰ ਰੱਦ ਕਰਦਿਆਂ, ਐਂਥਨੀ ਐਲਬਨੀਜ਼ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ ਅਤੇ ਇਸ ਬਾਬਤ ਨਾਗਰਿਕਤਾ ਮੰਤਰੀ ਐਂਡ੍ਰਿਊ ਗਾਇਲਜ਼ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਨਾਗਰਿਕਤਾ ਸਮਾਰੋਹ ਜਨਵਰੀ 23 ਤੋਂ ਜਨਵਰੀ 29 ਤੱਕ ਕਦੀ ਵੀ ਮਨਾਇਆ ਜਾ ਸਕਦਾ ਹੈ ਪਰੰਤੂ ਚਾਹਤ ਇਹੋ ਹੈ ਕਿ ਇਸ ਸਮਾਰੋਹ ਨੂੰ ਆਸਟ੍ਰੇਲੀਆਈ ਦਿਹਾੜੇ (ਜਨਵਰੀ 26) ਦੇ ਨਾਲ ਜੋੜ ਕੇ ਹੀ ਮਨਾਇਆ ਜਾਵੇ ਤਾਂ ਜ਼ਿਆਦਾ ਉਚਿਤ ਲੱਗਦਾ ਹੈ।
ਕੁੱਝ ਕਾਂਸਲਾਂ ਦਾ ਇਹ ਵੀ ਮੰਨਣਾ ਹੈ ਕਿ ਅਲੱਗ ਦਿਹਾੜਿਆਂ ਤੇ ਨਾਗਰਿਕਤਾ ਸਮਾਰੋਹ ਮਨਾਏ ਜਾਣ ਕਾਰਨ ਇਸ ਉਪਰ ਜਿੱਥੇ ਅਲੱਗ ਸਮਾਂ ਲਗਾਉਣਾ ਪੈਂਦਾ ਹੈ, ਉਥੇ ਹੀ ਨਵੇਂ ਸਿਰੇ ਤੋਂ ਸਾਰਾ ਪ੍ਰੋਗਰਾਮ ਉਲੀਕਣਾ ਪੈਂਦਾ ਹੈ ਅਤੇ ਇਸ ਉਪਰ ਸਥਾਨਕ ਕਾਂਸਲਾਂ ਉਪਰ ਨਵੇਂ ਸਿਰੇ ਤੋਂ ਸਾਰੇ ਖਰਚਿਆਂ ਦਾ ਬੋਝ ਵੀ ਪੈਂਦਾ ਹੈ, ਇਸ ਕਰਕੇ ਇਸ ਸਮਾਰੋਹ ਨੂੰ ਆਸਟ੍ਰੇਲੀਆਈ ਦਿਹਾੜੇ ਤੇ ਹੀ ਮਨਾਇਆ ਜਾਣਾ ਜ਼ਿਆਦਾ ਉਚਿਤ ਲੱਗਦਾ ਹੈ।
ਆਂਕੜੇ ਦਰਸਾਉਂਦੇ ਹਨ ਕਿ ਇਸ ਸਾਲ ਦਿਸੰਬਰ 9 ਤੱਕ 98,000 ਦੇ ਕਰੀਬ ਅਰਜ਼ੀਆਂ ਪਈਆਂ ਹੋਈਆਂ ਸਨ ਅਤੇ ਇਹ ਆਂਕੜਾ ਬੀਤੇ 5 ਸਾਲਾਂ ਦੌਰਾਨ ਪਹਿਲੀ ਵਾਰੀ ਹੈ ਕਿ ਅਰਜ਼ੀਆਂ ਇੱਕ ਲੱਖ ਤੋਂ ਘੱਟ ਹਨ।