ਆਉਣ ਵਾਲੇ ਨਵੇਂ ਸਾਲ ਵਿੱਚ ਜਨਵਰੀ 26 ਨੂੰ ਮਨਾਇਆ ਜਾਣ ਵਾਲਾ ਆਸਟ੍ਰੇਲੀਆ ਡੇਅ ਇਸ ਵਾਰੀ ਕੋਵਿਡ-19 ਸੇਫ ਪਲਾਨਾਂ ਦੇ ਤਹਿਤ ਮਨਾਇਆ ਜਾਵੇਗਾ ਅਤੇ ਜ਼ਾਹਿਰ ਹੈ ਕਿ ਇਹ ਪਹਿਲਾਂ ਨਾਲੋਂ ਕਾਫੀ ਅਲੱਗ ਵੀ ਹੋਵੇਗਾ ਕਿਉਂਕਿ ਇੱਥੇ ਇਸ ਵਾਰੀ ਭਾਰੀ ਭੀੜ ਨਹੀਂ ਹੋਵੇਗੀ ਅਤੇ ਸੀਮਿਤ ਗਿਣਤੀ ਵਿੱਚ ਵੀ ਆਉਣ ਜਾਉਣ ਵਾਲਿਆਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਸਬੰਧਤ ਵਿਭਾਵਾਂ ਦੇ ਮੰਤਰੀ ਸਟੁਅਰਟ ਆਇਰਜ਼ ਨੇ ਕਿਹਾ ਕਿ ਆਸਟ੍ਰੇਲੀਆ ਡੇਅ ਵੈਸੇ ਤਾਂ ਸਮੁੱਚੇ ਆਸਟ੍ਰੇਲੀਆਈਆਂ ਵਾਸਤੇ ਹੀ ਬੜੇ ਮਾਣ ਅਤੇ ਸਤਿਕਾਰ ਦਾ ਦਿਹਾੜਾ ਹੁੰਦਾ ਹੈ ਪਰੰਤੂ ਇਸ ਵਾਰੀ ਸਮਾਗਮ ਆਨਲਾਈਨ ਅਤੇ ਟੀ.ਵੀ. ਚੈਨਲਾਂ ਉਪਰ ਬਰਾਡਕਾਸਟ ਕੀਤੇ ਜਾ ਸਕਣਗੇ ਅਤੇ ਜ਼ਿਆਦਾਤਰ ਲੋਕ ਆਪਣੀਆਂ ਥਾਵਾਂ ਤੇ ਬੈਠ ਕੇ ਹੀ ਇਸ ਦਾ ਆਨੰਦ ਆਪਣੀਆਂ ਆਪਣੀਆਂ ਕਮਰੇ ਵਿੱਚ ਲੱਗੀਆਂ ਸਕਰੀਨਾਂ ਉਪਰ ਹੀ ਮਾਣਨਗੇ। ਰਾਜ ਦੇ ਫਰੰਟ ਲਾਈਨ ਵਰਕਰਾਂ ਨੂੰ ਇਸ ਵਿੱਚ ਆਉਣ ਵਾਸਤੇ ਪਾਸ ਦਿੱਤੇ ਜਾਣਗੇ ਅਤੇ ਸਿਡਨੀ ਦੇ ਓਪੇਰਾ ਹਾਊਸ ਦੇ ਵਿਹੜੇ ਵਿੱਚ ਦਿਨ ਦੇ ਸਮਾਗਮਾਂ ਵਿੱਚ ਬੈਠਣ ਦੀ ਇਜਾਜ਼ਤ ਹੋਵੇਗੀ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਏ.ਬੀ.ਸੀ. ਟੀ.ਵੀ. ਤੋਂ ਕੀਤਾ ਜਾਵੇਗਾ। ਸਮੁੱਚੇ ਨਿਊ ਸਾਊਥ ਵੇਲਜ਼ ਅੰਦਰ ਹੀ ਇਸ ਸਮਾਗਮ ਨੂੰ ਮਨਾਉਣ ਦੀਆਂ ਤਿਆਰੀਆਂ ਸਾਰੀਆਂ ਹੀ ਸਥਾਨਕ ਕਾਂਸਲਾਂ ਕਰ ਹੀ ਰਹੀਆਂ ਹਨ ਅਤੇ ਉਨ੍ਹਾਂ ਵਾਸਤੇ ਖਾਸ ਤਾਕੀਦਾਂ ਵੀ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ ਸਭ ਤੋਂ ਅਹਿਮ ਤਾਕੀਦ ਹੈ ਕੋਵਿਡ-19 ਸੇਫ ਪਲਾਨ ਦੀ ਅਤੇ ਸਾਰਿਆਂ ਨੇ ਹੀ ਇਸ ਸਮਾਗਮ ਨੂੰ ਮਨਾਉਂਦਿਆਂ ਹੋਇਆਂ ਇਸ ਦਾ ਪਾਲਣ ਕਰਨਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਜਨਤਕ ਸਿਹਤ ਨੂੰ ਕੋਈ ਖ਼ਤਰਾ ਨਾ ਹੋ ਸਕੇ। ਇਸ ਤੋਂ ਇਲਾਵਾ ਕੁੱਝ ਪ੍ਰੋਗਰਾਮਾਂ ਨੂੰ ਰੱਦ ਵੀ ਕੀਤਾ ਗਿਆ ਹੈ ਜਿਵੇਂ ਕਿ ਸਿਡਨੀ ਹਾਰਬਰ ਦਾ ਦਿਨ ਵਾਲਾ ਸਮਾਗਮ ਨਹੀਂ ਹੋਵੇਗਾ ਅਤੇ ਇਸ ਨੂੰ ਇਕੱਠੀ ਹੋਣ ਵਾਲੀ ਭੀੜ ਕਾਰਨ ਰੱਦ ਕਰ ਦਿੱਤਾ ਗਿਆ ਹੈ। ਜ਼ਿਆਦਾ ਜਾਣਕਾਰੀ ਜਨਵਰੀ ਦੇ ਮਹੀਨੇ ਵਿੱਚ ਜਾਰੀ ਕੀਤੀ ਜਾਵੇਗੀ ਅਤੇ ਇਸ ਵਾਸਤੇ www.australiaday.com.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।