ਮਨੁੱਖਤਾ ਦੇ ਆਧਾਰ ਤੇ ਕਰੋਨਾ ਕਾਰਨ, ਜਲ ਰਹੇ ਭਾਰਤ ਦੀ ਮਦਦ ਕਰਨ ਵਾਸਤੇ ਪਲਾਨ ਬਣਾ ਰਿਹਾ ਆਸਟ੍ਰੇਲੀਆ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਭਾਰਤ ਵਿੱਚ ਲਗਾਤਾਰ ਵੱਧ ਰਹੇ ਕਰੋਨਾ ਮਾਮਲਿਆਂ ਅਤੇ ਇਸ ਕਾਰਨ ਹੋ ਰਹੀਆਂ ਮੌਤਾਂ ਨੂੰ ਦੇਖਦਿਆਂ ਵਿਚਲਿਤ ਹੋਏ ਆਸਟ੍ਰੇਲੀਆ ਨੇ ਮਨੁੱਖਤਾ ਦੇ ਆਧਾਰ ਤੇ ਭਾਰਤ ਨੂੰ ਵੈਂਟੀਲੇਟਰ ਅਤੇ ਆਕਸੀਜਨ ਦੀ ਸਪਲਾਈ ਸਬੰਧੀ ਹਰ ਪ੍ਰਕਾਰ ਦੀ ਮਦਦ ਕਰਨ ਦੀ ਠਾਣ ਲਈ ਹੈ ਅਤੇ ਇਸ ਬਾਬਤ ਪਲਾਨਿੰਗ ਸ਼ੁਰੂ ਕਰ ਦਿੱਤੀ ਹੈ।
ਸਿਹਤ ਮੰਤਰੀ ਗ੍ਰੈਗ ਹੰਟ ਨੇ ਭਰੇ ਮਨ ਨਾਲ ਕਿਹਾ ਕਿ ਭਾਰਤ ਵਿੱਚ ਬਹੁਤ ਮਾੜਾ ਹਾਲ ਹੈ ਅਤੇ ਪੂਰਾ ਭਾਰਤ ਹੀ ਕਰੋਨਾ ਦੀ ਅੱਗ ਵਿੱਚ ਜਲ ਰਿਹਾ ਹੈ। ਉਥੇ ਸਿਹਤ ਸਿਸਟਮ ਸਾਰਾ ਦਾ ਸਾਰਾ ਹੀ ਚਰਮਰਾ ਗਿਆ ਹੈ ਅਤੇ ਹਸਪਤਾਲਾਂ ਅੰਦਰ, ਆਕਸੀਜਨ ਦੀ ਘਾਟ ਕਾਰਨ ਲੋਕ ਬੇਮੌਤ ਮਰ ਰਹੇ ਹਨ ਅਤੇ ਹਸਪਤਾਲਾਂ ਦਾ ਤਾਂ ਇੰਨਾ ਬੁਰਾ ਹਾਲ ਹੈ ਕਿ ਉਹ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਵੀ ਨਾਂਹ ਕਰਦੇ ਹਨ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਕਹਿੰਦੇ ਹਨ ਕਿ ਉਹ ਆਪਣੇ ਮਰੀਜ਼ ਨੂੰ ਕਿਤੇ ਹੋਰ ਲੈ ਜਾਣ।
ਭਾਰਤ ਅੰਦਰ ਕਰੋਨਾ ਦੇ ਹੋਰ ਰੋਜ਼ ਹੀ ਵਰਲਡ ਰਿਕਾਰਡ ਬਣ ਰਹੇ ਹਨ ਅਤੇ ਬੀਤੇ ਦਿਨ ਸੋਮਵਾਰ ਨੂੰ ਵੀ ਭਾਰਤ ਅੰਦਰ 352,991 ਕਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਹਨ।
ਜ਼ਿਕਰਯੋਗ ਹੈ ਕਿ ਹੁਣ ਭਾਰਤ ਅੰਦਰ ਕਰੋਨਾ ਨਾਲ ਨਜਿੱਠਣ ਵਾਸਤੇ ਫੌਜ (ਆਰਮਡ ਫੋਰਸਾਂ) ਦਾ ਸਹਾਰਾ ਲਿਆ ਗਿਆ ਹੈ ਅਤੇ ਆਸਟ੍ਰੇਲੀਆ ਤੋਂ ਇਲਾਵਾ ਬ੍ਰਿਟੇਨ, ਜਰਮਨੀ ਅਤੇ ਅਮਰੀਕਾ ਨੇ ਵੀ ਭਾਰਤ ਲਈ ਮੈਡੀਕਲ ਸਹਾਇਤਾ ਦੇਣ ਦਾ ਮਨ ਬਣਾਇਆ ਹੈ ਤਾਂ ਕਿ ਦੇਸ਼ ਨੂੰ ਮੌਤ ਦੇ ਮੂੰਹ ਵਿੱਚੋਂ ਕੱਢਿਆ ਜਾ ਸਕੇ।
ਭਾਰਤ ਅੰਦਰ ਹੁਣ ਤੱਕ ਕਰੋਨਾ ਦੇ ਮਾਮਲਿਆਂ ਦੀ ਗਿਣਤੀ 17 ਮਿਲੀਅਨ ਤੱਕ ਪਹੁੰਚ ਗਈ ਹੈ ਅਤੇ 195,123 ਲੋਕ ਇਸ ਭਿਆਨਕ ਬਿਮਾਰੀ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ ਹਨ। ਬੀਤੇ ਸੋਮਵਾਰ ਨੂੰ ਹੀ ਮੌਤਾਂ ਦੀ ਗਿਣਤੀ ਵਿੱਚ 2,812 ਦਾ ਵਾਧਾ ਹੋਇਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks