
ਸਿੰਗਾਪੁਰ, ਜਪਾਨ, ਵੀਅਤਨਾਮ ਅਤੇ ਦੱਖਣੀ ਕੋਰੀਆ ਸੁਰੱਖਿਅਤ ਖੇਤਰ ਵਿੱਚ, ਭਾਰਤ ਸੂਚੀ ਤੋਂ ਬਾਹਰ(ਹਰਜੀਤ ਲਸਾੜਾ, ਬ੍ਰਿਸਬੇਨ 9 ਅਪਰੈਲ) ਦੱਖਣੀ ਏਸ਼ਿਆਈ ਦੇਸ਼ਾ ‘ਚ ਕਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ ਆਸਟਰੇਲਿਆਈ ਸਰਕਾਰ ਨੇ ਭਾਰਤ ਨਾਲ ਯਾਤਰਾ ਦੇ ਬੁਲਬੁਲੇ ਨੂੰ ਮਨ੍ਹਾ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਨੁਸਾਰ ਆਸਟਰੇਲੀਆ ਹੁਣ ਘੱਟ ਖਤਰੇ ਵਾਲੇ ਦੇਸ਼ਾਂ ਦੇ ਨਾਲ ਹੀ ਯਾਤਰਾ ਦਾ ਇਛੁੱਕ ਹੋਵੇਗਾ। ਸਿੰਗਾਪੁਰ, ਜਪਾਨ, ਵੀਅਤਨਾਮ ਅਤੇ ਦੱਖਣੀ ਕੋਰੀਆ ਨੂੰ ਸੁਰੱਖਿਅਤ ਯਾਤਰਾ ਦੇ ਖੇਤਰ ਵਿੱਚ ਰੱਖਿਆ ਗਿਆ ਹੈ। ਮੌਜੂਦਾ ਯਾਤਰਾ ਪਾਬੰਦੀਆਂ ਤਹਿਤ ਆਸਟਰੇਲੀਆ ਤੋਂ ਵਿਦੇਸ਼ੀ ਯਾਤਰਾ ‘ਤੇ ਪਾਬੰਦੀ ਹੈ। ਨਾਗਰਿਕ ਅਤੇ ਸਥਾਈ ਵਸਨੀਕ ਆਸਟਰੇਲੀਆ ਨਹੀਂ ਜਾ ਸਕਦੇ ਜਦੋਂ ਤਕ ਉਨ੍ਹਾਂ ਨੂੰ ਗ੍ਰਹਿ ਵਿਭਾਗ ਤੋਂ ਛੋਟ ਨਹੀਂ ਹੁੰਦੀ ਜਾਂ ਉਹ ਮੰਜ਼ਿਲ ਦੀ ਯਾਤਰਾ ਨਹੀਂ ਕਰ ਰਹੇ ਜੋ ਪਾਬੰਦੀ ਤੋਂ ਮੁਕਤ ਹੈ। ਸੰਘੀ ਸਿੱਖਿਆ ਮੰਤਰੀ ਐਲਨ ਟੂਜ ਨੇ ਕਿਹਾ ਕਿ ਭਾਰਤ ਦੀਆਂ ਮਜ਼ੂਦਾ ਕਰੋਨਾ ਪ੍ਰਸਥਿੱਤੀਆਂ ਸਮੁੱਚੇ ਦੱਖਣੀ ਏਸ਼ਿਆਈ ਖਿੱਤੇ ਲਈ ਚਿੰਤਾਜਨਕ ਹਨ। ਇਸ ਲਈ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ 2021 ਵਿਚ ਵੱਡੀ ਗਿਣਤੀ ‘ਚ ਆਸਟਰੇਲੀਆ ਨਹੀਂ ਪਰਤ ਸਕਣਗੇ। ਉੱਧਰ ਯੂਨੀਵਰਸਿਟੀ ਆਫ ਨਿਊ ਸਾਉਥ ਵੇਲਜ਼ ਸਕੂਲ ਆਫ਼ ਪੌਪੂਲੇਸ਼ਨ ਹੈਲਥ ਤੋਂ ਐਸੋਸੀਏਟ ਪ੍ਰੋਫੈਸਰ ਹੋਲੀ ਸੀਲੇ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਟੀਕਾਕਰਨ ਦੀਆਂ ਮੁਹਿੰਮਾਂ ਪੂਰੀ ਦੁਨੀਆ ਵਿਚ ਤੇਜ਼ੀ ਲਿਆ ਰਹੀਆਂ ਹਨ, ਤਾਂ ਟਰੈਵਲ ਗਲਿਆਰੇ ‘ਤੇ ਵਿਚਾਰ ਕਰਨ ਤੋਂ ਪਹਿਲਾਂ ਕਈ ਕਾਰਕਾਂ ‘ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਨਿਊਜ਼ੀਲੈਂਡ ਨੇ ਪਰਤਣ ਵਾਲੇ ਯਾਤਰੀਆਂ ਦੇ ਸਕਾਰਾਤਮਕ ਮਾਮਲਿਆਂ ਦੇ ਬਾਅਦ, ਅਪ੍ਰੈਲ 28 ਤੱਕ ਆਪਣੇ ਨਾਗਰਿਕਾਂ ਸਮੇਤ, ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਅਸਥਾਈ ਤੌਰ ‘ਤੇ ਦਾਖਲਾ ਮੁਅੱਤਲ ਕਰ ਦਿੱਤਾ ਹੈ। ਇਹ ਪਾਬੰਦੀ 11 ਅਪ੍ਰੈਲ ਤੋਂ ਲਾਗੂ ਹੋਵੇਗੀ।