ਸੋਮਵਾਰ ਤੋਂ ਸ਼ੁਰੂ ਕੀਤੀ ਜਾ ਰਹੀ ਕਰੋਨਾ ਵੈਕਸੀਨ ਦੀ ਵਿਤਰਣ ਪ੍ਰਣਾਲੀ

ਸੀਵਰੇਜ ਦੇ ਪਾਣੀ ਵਿੱਚੋਂ ਕਰੋਨਾ ਦੇ ਫਰੈਗਮੈਂਟ ਮਿਲੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਮੰਤਰੀ ਮਾਰਟਿਨ ਫੋਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਵਿਕਟੋਰੀਆ ਰਾਜ ਦੇ ਤਿੰਨ ਹਸਪਤਾਲਾਂ ਨੂੰ ਮੁੱਖ ਤੌਰ ਤੇ ਕਰੋਨਾ ਵੈਕਸੀਨ ਵਿਤਰਣ ਲਈ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਕਿ ਫਾਈਜ਼ਰ ਵੈਕਸੀਨ ਨੂੰ ਪਹਿਲੇ ਪੜਾਅ ਦੌਰਾਨ ਤਕਸੀਮ ਕੀਤਾ ਜਾਵੇਗਾ। ਇੰਨਾ ਤਿੰਨ ਮੁੱਖ ਕੇਂਦਰਾਂ ਵਿੱਚ ਆਸਟਿਨ ਹੈਲਥ, ਮੋਨਾਸ਼ ਹੈਲਥ ਅਤੇ ਵੈਸਟਰਨ ਹੈਲਥ ਹਨ ਜੋ ਕਿ ਆਉਣ ਵਾਲੇ ਸੋਮਵਾਰ ਤੋਂ ਇਸ ਦਵਾਈ ਦਾ ਵਿਤਰਣ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੌਰਾਨ ਇਹ ਦਵਾਈ ਹੋਟਲ ਕੁਆਰਨਟੀਨ ਵਰਕਰਾਂ, ਏਅਰਪੋਰਟ ਅਤੇ ਹੋਰ ਪੋਰਟਾਂ ਦੇ ਮੁਲਾਜ਼ਮਾਂ, ਮੂਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਸਿਹਤ ਕਾਮਿਆਂ ਅਤੇ ਅਧਿਕਾਰੀਆਂ ਦੇ ਨਾਲ ਨਾਲ ਅਜਿਹੇ ਸਫਾਈ ਸੇਵਕ ਅਤੇ ਸਮਾਜਿਕ ਕਾਰਜਕਰਤਾ ਵੀ ਸ਼ਾਮਿਲ ਹਨ ਜਿਹੜੇ ਕਿ ਕਰੋਨਾ ਦੀ ਲੜਾਈ ਵਿੱਚ ਸਿੱਧੇ ਤੌਰ ਤੇ ਖੜ੍ਹੇ ਹਨ ਅਤੇ ਸਭ ਤੋਂ ਅੱਗੇ ਹੋ ਕੇ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਫੈਡਰਲ ਸਰਕਾਰ ਨੇ ਪਹਿਲੇ ਪੜਾਅ ਦੇ ਪਹਿਲੇ ਹਫ਼ਤੇ ਦੇ ਵਿਤਰਣ ਪ੍ਰੋਗਰਾਮ ਦੇ ਤਹਿਤ ਵਿਕਟੋਰੀਆ ਰਾਜ ਨੂੰ 12,000 ਫਾਈਜ਼ਰ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਹਨ ਅਤੇ ਤਕਰੀਬਨ 4 ਹਫ਼ਤਿਆਂ ਵਿੱਚ ਇਸ ਦੇ 59,000 ਖੁਰਾਕਾਂ ਦਾ ਵਿਤਰਣ ਲਈ ਅੰਦਾਜ਼ਾ ਲਗਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਫਾਈਜ਼ਰ ਵੈਕਸੀਨ ਨੂੰ ਸਟੋਰ ਕਰਨ ਵਾਸਤੇ -70 ਡਿਗਰੀ ਸੈਲਸੀਅਸ ਜਿਹੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਅਤੇ ਉਕਤ ਤਿੰਨਾ ਵਿਤਰਣ ਕੇਂਦਰਾਂ ਉਪਰ ਇਹ ਸਟੋਰੇਜ ਦੀ ਸਮਰੱਥਾ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ 6 ਹੋਰ ਅਜਿਹੇ ਹੀ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ ਜਿੱਥੇ ਕਿ ਭਵਿੱਖ ਵਿੱਚ ਇਸ ਦਵਾਈ ਦਾ ਵਿਤਰਣ ਹੋਵੇਗਾ ਅਤੇ ਉਨ੍ਹਾਂ ਵਿੱਚ ਐਲਬਰੀ ਵੋਡੋਂਗਾ ਹੈਲਥ, ਬੈਲਾਰਾਟ ਹੈਲਥ, ਬਾਰੌਨ ਹੈਲਥ, ਬੈਂਡਿਗੋ ਹੈਲਥ, ਗੌਲਬਰਨ ਵੈਲੀ ਹੈਲਥ ਅਤੇ ਲੈਟਰੋਬ ਹੈਲਥ ਆਦਿ ਕੇਂਦਰ ਸ਼ਾਮਿਲ ਹਨ।

ਮੋਨਾਸ਼ ਹੈਲਥ ਤੋਂ ਰਹੌਂਡਾ ਸਟੁਅਰਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੋਨਾਸ਼ ਹੈਲਥ ਵਿਖੇ ਅਜਿਹੇ ਦੋ ਫਰੀਜ਼ਰ ਹਨ ਜਿਨ੍ਹਾਂ ਵਿੱਚ ਕਿ 180,000 ਫਾਈਜ਼ਰ ਵੈਕਸੀਨਾਂ ਨੂੰ ਲੋੜੀਂਦੇ ਤਾਪਮਾਨ ਅੰਦਰ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ।
ਇੱਕ ਹੋਰ ਜਾਣਕਾਰੀ ਮੁਤਾਬਿਕ ਬੋਰੋਨੀਆ, ਕੈਰਮ ਡਾਊਨਜ਼, ਕੌਲਫੀਲਡ, ਲੈਂਗਵੈਰੀਨ, ਸੇਂਟ ਕਿਲਡਾ ਈਸਟ ਅਤੇ ਵੈਂਟੀਰਨਾ ਸਾਊਥ ਆਦਿ ਖੇਤਰਾਂ ਵਿੱਚ ਲੋਕਾਂ ਨੂੰ ਆਗਾਹ ਕੀਤਾ ਗਿਆ ਹੈ ਕਿ ਆਪਣੇ ਕਰੋਨਾ ਟੈਸਟ ਕਰਵਾਉਣ ਕਿਉਂਕਿ ਇਨ੍ਹਾਂ ਖੇਤਰਾਂ ਦੇ ਸੀਵਰੇਜ ਦੇ ਪਾਣੀਆਂ ਅੰਦਰ ਕਰੋਨਾ ਦੇ ਫਰੈਗਮੈਂਟ ਪਾਏ ਗਏ ਹਨ।

Install Punjabi Akhbar App

Install
×