ਮਹਾਰਾਣੀ ਨੂੰ ਸ਼ਰਧਾਂਜਲੀ -ਪ੍ਰਧਾਨ ਮੰਤਰੀ ਵੱਲੋਂ 22 ਸਤੰਬਰ ਦੀ ਛੁੱਟੀ ਦਾ ਐਲਾਨ

ਸ਼ੁੱਕਰਵਾਰ ਨੂੰ ‘ਕਾਲ-ਇਨ-ਲੀਵ’ ਦੀ ਆਸ਼ੰਕਾ

ਅਰਥ ਵਿਵਸਥਾ ਉਪਰ ਪਵੇਗਾ 500 ਮਿਲੀਅਨ ਦਾ ਬੋਝ

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ, ਮਹਾਰਾਣੀ ਐਲਿਜ਼ਾਬੈਥ II ਨੂੰ ਸ਼ਰਧਾਂਜਲੀ ਭੇਟ ਕਰਨ ਖਾਤਰ, ਆਉਣ ਵਾਲੇ ਵੀਰਵਾਰ -22 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਚਲਦਿਆਂ, ਅਗਲੇ ਦਿਨ, ਯਾਨੀ ਕਿ ਸ਼ੁਕਰਵਾਰ ਨੂੰ ਇਹ ਆਸ਼ੰਕਾ ਵੱਧਦੀ ਜਾ ਰਹੀ ਹੈ ਕਿ ਵਰਕਰ ‘ਕਾਲ-ਇਨ-ਲੀਵ’ ਦਾ ਸਹਾਰਾ ਲੈਣਗੇ ਅਤੇ ਵੀਕਐਂਡ ਦੀ ਸ਼ੁਰੂਆਤ ਕਰਨਗੇ। ਇਸ ਕਾਰਨ ਦੇਸ਼ ਦੀ ਅਰਥ-ਵਿਵਸਥਾ ਨੂੰ 500 ਮਿਲੀਅਨ ਡਾਲਰਾਂ ਦੇ ਨੁਕਸਾਨ ਦਾ ਅੰਦਾਜ਼ਾ, ਸਹਿਜ ਹੀ ਲਗਾਇਆ ਜਾ ਸਕਦਾ ਹੈ।
ਇੱਕ ਸਰਵੇਖਣ ਮੁਤਾਬਿਕ, ਇਸ ਸਾਲ, ਹੁਣ ਤੱਕ 1.7 ਮਿਲੀਅਨ (ਲਗਭਗ 13%) ਆਸਟ੍ਰੇਲੀਆਈ ਕਾਮਿਆਂ ਨੇ ਕਾਲ-ਇਨ-ਲੀਵ ਵਾਲੀ ਛੁੱਟੀ ਲਈ ਹੈ ਅਤੇ ਇਸ ਕਾਰਨ ਪ੍ਰਤੀ ਦਿਨ ਇੱਕ ਵਰਕਰ ਪਿੱਛੇ 354 ਡਾਲਰਾਂ ਦਾ ਖਰਚਾ ਪੈ ਜਾਂਦਾ ਹੈ।
ਆਉਣ ਵਾਲੇ ਸ਼ੁਕਰਵਾਰ ਨੂੰ ਅਜਿਹੀ ਛੁੱਟੀ, ਉਦਯੋਗ ਪਤੀਆਂ ਵਾਸਤੇ ਕਾਫੀ ਖਰਚਾ ਪਾਉਣ ਵਾਲੀ ਹੈ ਅਤੇ ਇੱਕ ਅਨੁਮਾਨ ਮੁਤਾਬਿਕ ਇਹ ਖਰਚਾ 461 ਮਿਲੀਅਨ ਡਾਲਰ ਤੱਕ ਦਾ ਹੋ ਸਕਦਾ ਹੈ ਅਤੇ ਇਸ ਕਾਰਨ ਜੋ ਉਤਪਾਦਨ ਵਿੱਚ ਕਮੀ ਆਵੇਗੀ, ਅਤੇ ਉਦਯੋਗ ਪਤੀਆਂ ਵਾਸਤੇ ਵਾਧੂ ਦਾ ਸਿਰ ਦਰਦ ਬਣੇਗਾ -ਉਸ ਦਾ ਹਾਲ ਦੀ ਘੜੀ ਅਨੁਮਾਨ ਲਗਾਉਣਾ ਮੁਸ਼ਕਿਲ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਹਰ ਸਾਲ ਹੀ ਅਜਿਹਾ ਇੱਕ ਦਿਨ ਅਜਿਹਾ ਹੁੰਦਾ ਹੈ ਜਿਸ ਦਿਨ ਨੂੰ ‘ਥੈਂਕਸ ਗਿਵਿੰਗ ਡੇਅ’ (ਧੰਨਵਾਦ ਦਿਹਾੜਾ) ਨਾਲ ਮਨਾਇਆ ਜਾਂਦਾ ਹੈ ਅਤੇ ਇਹ ਹਮੇਸ਼ਾ ਹੀ ਵੀਰਵਾਰ ਨੂੰ ਪੈਂਦਾ ਹੈ। ਅਗਲੇ ਦਿਨ ਸ਼ੁਕਰਵਾਰ ਨੂੰ ਜ਼ਿਆਦਾਤਰ ਵਰਕਰ ਛੁੱਟੀ ਹੀ ਮਾਰਦੇ ਹਨ ਅਤੇ ਆਪਣਾ ਲੰਬਾ ਵੀਕਐਂਡ ਮਨਾਉਂਦੇ ਹਨ। ਇਸ ਨਾਲ ਅਮਰੀਕਾ ਦੀ ਅਰਥ ਵਿਵਸਥਾ ਨੂੰ ਅਤੇ ਉਦਯੋਗ ਪਤੀਆਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਉਦਯੋਗ ਜਗਤ ਵਿੱਚ ਇਸ ਨੂੰ ‘ਕਾਲਾ ਸ਼ੁਕਰਵਾਰ’ (ਬਲੈਕ ਫਰਾਈਡੇਅ) ਦੇ ਨਾਮ ਨਾਲ ਜਾਣਿਆ ਜਾਂਦਾ ਹੈ।