ਕਿਤਾਬ ‘ਸਿਦਕ ਸਵਾਸਾਂ ਸੰਗ’ ਅਤੇ ‘ਧੂੜਾਂ ਨੇ ਸਰਬੱਤ’ ਲੋਕ ਅਰਪਿਤ
ਮਾਝਾ ਪੰਜਾਬੀ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦਾ ਵਿਸ਼ੇਸ਼ ਸਨਮਾਨ
(ਬ੍ਰਿਸਬੇਨ) ਇੱਥੇ ਪੰਜਾਬੀ ਸਾਹਿਤ ਅਤੇ ਮਾਤ ਭਾਸ਼ਾ ਦੇ ਲਗਾਤਾਰ ਪਸਾਰੇ ਲਈ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਕਮਿਊਨਿਟੀ ਰੇਡੀਓ ਫੋਰ ਈਬੀ ਵਿਖੇ ਪੰਜਾਬੀ ਭਾਸ਼ਾ ਗਰੁੱਪ ਅਤੇ ਮਾਝਾ ਯੂਥ ਕਲੱਬ ਦੇ ਸਹਿਯੋਗ ਨਾਲ ਸਲਾਨਾ ਸਾਹਿਤਕ ਸਮਾਗਮ ਅਤੇ ਕਿਤਾਬ ਲੋਕ ਅਰਪਣ ਸਮਾਰੋਹ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਹਰਮਨ ਵੱਲੋਂ ਸੰਸਥਾ ਦੀ ਭਵਿੱਖੀ ਵਿਉਂਤਬੰਦੀ ਬਾਰੇ ਵਿਸਥਾਰ ਜਾਣਕਾਰੀ ਨਾਲ ਕੀਤਾ। ਉਹਨਾਂ ਦੀਆਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵਿਤਾਵਾਂ ਅਤੇ ਸੂਫ਼ੀ ਗੀਤਾਂ ਨੇ ਰੰਗ ਬੰਨਿਆ। ਹਰਮਨਦੀਪ ਗਿੱਲ ਵੱਲੋਂ ਦੋਵੇਂ ਕਿਤਾਬਾਂ ‘ਧੂੜਾਂ ਨੇ ਸਰਬੱਤ’ ਲੇਖਕ ਬਿੰਦਰ ਮਾਨ ਅਤੇ ‘ਸਿਦਕ ਸਵਾਸਾਂ ਸੰਗ’ ਲੇਖਕ ਮਹਿੰਦਰ ਸਾਥੀ ਬਾਬਤ ਸੰਖੇਪ ਜਾਣਕਾਰੀ ਦਿੱਤੀ। ਉਹਨਾਂ ਦੋਵੇਂ ਕਲਮਾਂ ਨੂੰ ਸਮੇਂ ਦੇ ਹਾਣ ਦਾ ਦੱਸਿਆ। ਕਵੀ ਦਿਨੇਸ਼ ਸ਼ੇਖ਼ੂਪੁਰ ਨੇ ਆਪਣੀ ਕਵਿਤਾ ‘ਸਕੂਨ’ ਅਤੇ ‘ਪਿਆਰ’ ਰਾਹੀਂ ਸਮਾਜਿਕ ਚੇਤਨਾ ਦੀ ਗੱਲ ਕੀਤੀ। ਗੁਰਵਿੰਦਰ ਨੇ ‘ਚੜ੍ਹਦੇ ਸੂਰਜ’ ਅਤੇ ‘ਦਿੱਲੀਏ’ ਰਾਹੀਂ ਜੁਝਾਰੂ ਸੁਨੇਹਾ ਦਿੰਦਿਆਂ ਕਿਸਾਨੀ ਸੰਘਰਸ਼ ਨੂੰ ਸਿਜਦਾ ਕੀਤਾ। ਉਹਨਾਂ ਮਨੁੱਖੀ ਅਧਿਕਾਰਾਂ ਅਤੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ‘ਤੇ ਵੀ ਚਿੰਤਾ ਪ੍ਰਗਟਾਈ। ਪ੍ਰਧਾਨ ਵਰਿੰਦਰ ਅਲੀਸ਼ੇਰ ਨੇ ਕਿਹਾ ਕਿ ਸੰਸਥਾ ਨੇ ਲੰਘੇ ਡੇਢ ਵਰ੍ਹੇ ਨੂੰ ਮਾਤ ਭਾਸ਼ਾ ਪੰਜਾਬੀ ਅਤੇ ਸਾਹਿਤ ਦੇ ਪਸਾਰੇ ਦੇ ਲੇਖੇ ਲਾਇਆ ਹੈ। ਉਹਨਾਂ ਵਿਦੇਸ਼ਾਂ ‘ਚ ਛੋਟੇ ਬੱਚਿਆਂ ਨੂੰ ਪੰਜਾਬੀ ਲਿੱਖਣ ‘ਚ ਨਿਪੁੰਨ ਕਰਨ ਅਤੇ ਪੰਜਾਬੀ ਭਾਸ਼ਾ ਦੀ ਚੇਟਕ ਲਈ ਅਪੀਲ ਕੀਤੀ।ਪਾਕਿਸਤਾਨ ਤੋਂ ਲਹਿੰਦੇ ਪੰਜਾਬ ਦੇ ਸ਼ਾਇਰ ਨਦੀਮ ਅਕਬਰ ਨੇ ਉਰਦੂ ਸ਼ਾਇਰੀ ‘ਚ ਮਾਤ ਭਾਸ਼ਾ ਪੰਜਾਬੀ ਦੀ ਉਸਤਤ ਅਤੇ ਮਨੁੱਖੀ ਰਿਸ਼ਤਿਆਂ ਦੀ ਪ੍ਰੋੜ੍ਹਤਾ ਕੀਤੀ। ਕੰਵਰਜੀਤ ਸਮਾਜ ਵਿਚਲੇ ਮਨੁੱਖੀ ਵਿਤਕਰੇ ‘ਤੇ ਬੋਲਿਆ।
ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਪੰਜਾਬੀ ਕਵਿਤਾ ਦੀਆਂ ਬਰੀਕੀਆਂ ‘ਤੇ ਝਾਤ ਪਾਈ ਅਤੇ ਮਜ਼ੂਦਾ ਸਮੇਂ ‘ਚ ਪੰਜਾਬੀ ਕਵਿਤਾ ਦੇ ਘਟਦੇ ਮਿਆਰ ਦਾ ਚਿੰਤਨ ਕੀਤਾ। ਉਹਨਾਂ ਪੰਜਾਬੀ ਕਵਿਤਾ ‘ਚ ਯਥਾਰਥ ਦੀ ਆਈ ਕਮੀ ਬਾਬਤ ਵਿਚਾਰ ਦਿੰਦਿਆਂ ਕਿਹਾ ਕਿ ਕਵਿਤਾ ਮਨੁੱਖ ‘ਚ ਸਹਿਣਸ਼ੀਲਤਾ ਵਧਾਉਂਦੀ ਹੈ। ਕਵਿਤਰੀ ਹਰਕੀ ਵਿਰਕ ਨੇ ਕਿਰਤੀਆਂ ਨੂੰ ਸਮਰਪਿਤ ਕਵਿਤਾ ‘ਹੱਕਾਂ ਲਈ ਬੋਲ’ ਰਾਹੀਂ ਚੰਗਾ ਸੁਨੇਹਾ ਦਿੱਤਾ। ਰਿਤਿਕਾ ਅਹੀਰ ਨੇ ਆਪਣੀ ਤਕਰੀਰ ਵਿੱਚ ਕਿਸਾਨੀ ਸੰਘਰਸ਼, ਸਮਾਜਿਕ ਮੁੱਦਿਆਂ ਅਤੇ ਹਾਕਮਾਂ ਦੇ ਲੂੰਬੜ ਵਰਤਾਰੇ ਜ਼ਿਕਰ ਕੀਤਾ। ਗਾਇਕ ਹਰਮਨ ਦੇ ਗੀਤਾਂ ਤੇ ਸੰਗੀਤਕ ਸੁਮੇਲ ਨਾਲ ਚੰਗਾ ਸਾਹਿਤਿਕ ਰੰਗ ਬੰਨਿਆਂ।ਪ੍ਰਨਾਮ ਸਿੰਘ ਹੇਅਰ ਨੇ ਉਸਾਰੂ ਪੰਜਾਬੀ ਸਾਹਿਤ ਨੂੰ ਲੋਕਾਂ ਤੱਕ ਪਹੁੰਚਦਾ ਕਰਨਾ ਸਮੇਂ ਦੀ ਮੰਗ ਦੱਸਿਆ। ਉਹਨਾਂ ਪੰਜਾਬੀ ਬੋਲੀ ਦੇ ਪਸਾਰ ਲਈ ਸੰਸਥਾ ਦੀਆਂ ਭਵਿੱਖੀ ਸਰਗਰਮੀਆਂ ਲਈ ਵਧਾਈ ਦਿੱਤੀ। ਮਾਝਾ ਪੰਜਾਬੀ ਸਕੂਲ ਤੋਂ ਅਧਿਆਪਕਾ ਗੁਰਵਿੰਦਰ ਕੌਰ ਵੱਲੋਂ ਸਿੱਖ ਧਰਮ ਅਤੇ ਫਿਲਾਸਫ਼ੀ ਤਹਿਤ ਦਸ ਗੁਰੂਆਂ ਦੇ ਕਰਮਾਂ ਨੂੰ ਬਿਆਨਿਆ ਅਤੇ ਸਿੱਖੀ ‘ਚ ਸਿੰਘ ਅਤੇ ਕੌਰ ਸ਼ਬਦ ਦੀ ਮਹਾਨਤਾ ਨੂੰ ਦੱਸਿਆ। ਛੋਟੇ ਬੱਚਿਆਂ ‘ਚ ਰੀਤਪਾਲ ਕੌਰ, ਗੁਰਅਸੀਸ ਕੌਰ, ਧੀਨਾਜ ਅਤੇ ਕੰਵਰ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਅਤੇ ਸੰਸਥਾ ਵੱਲੋਂ ਬੱਚਿਆਂ ਨੂੰ ਸਨਮਾਨਿਆ ਗਿਆ। ਮਾਝਾ ਪੰਜਾਬੀ ਸਕੂਲ ਦੇ ਸਮੂਹ ਅਧਿਆਪਕਾਂ ਪਵਨਦੀਪ ਕੌਰ, ਜਸਮੀਤ ਕੌਰ, ਗੁਰਵਿੰਦਰ ਕੌਰ ਅਤੇ ਮਨਦੀਪ ਕੌਰ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨ ਪੱਤਰ ਦਿੱਤੇ ਗਏ। ਸੰਸਥਾ ਵੱਲੋਂ ਨਵੇਂ ਸਭਾ ਮੈਂਬਰ ਦਿਨੇਸ਼ ਸ਼ੇਖੂਪੁਰ, ਹਰਕੀ ਵਿਰਕ ਅਤੇ ਰਿਤੀਕਾ ਅਹੀਰ ਦਾ ਵੀ ਸਵਾਗਤ ਕੀਤਾ ਗਿਆ। ਬੈਠਕ ਦੌਰਾਨ ਦੋਵੇਂ ਕਿਤਾਬਾਂ ਨੂੰ ਲੋਕ ਅਰਪਿਤ ਕੀਤਾ ਗਿਆ। ਇਸ ਸਾਹਿਤਕ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਦਿਨੇਸ਼, ਗੁਰਵਿੰਦਰ, ਹਰਮਨ ਗਿੱਲ, ਹਰਕੀ ਵਿਰਕ, ਰਿਤੀਕਾ ਅਹੀਰ, ਨਦੀਮ ਅਕਰਮ, ਗੁਰਵਿੰਦਰ ਕੌਰ, ਦਲਜੀਤ ਸਿੰਘ, ਵਰਿੰਦਰ ਅਲੀਸ਼ੇਰ, ਪ੍ਰਨਾਮ ਸਿੰਘ ਹੇਅਰ, ਨਵਦੀਪ ਸਿੰਘ, ਹਰਜੀਤ ਲਸਾੜਾ, ਰੀਤਪਾਲ ਕੌਰ, ਗੁਰਅਸੀਸ ਕੌਰ, ਧੀਨਾਜ, ਕਿਰਨਪਾਲ, ਕੰਵਰ, ਪਵਨਦੀਪ ਕੌਰ, ਜਸਮੀਤ ਕੌਰ, ਗੁਰਵਿੰਦਰ ਕੌਰ, ਮਨਦੀਪ ਕੌਰ ਆਦਿ ਨੇ ਪਰਿਵਾਰਾਂ ਨਾਲ ਸ਼ਿਰਕਤ ਕੀਤੀ।