ਚਲੋ ਜਹਾਜ਼ ਤਾਂ ਹਿੱਲੇ -ਨਿਊਜ਼ੀਲੈਂਡ 19 ਅਪ੍ਰੈਲ ਤੋਂ ਆਸਟਰੇਲੀਆ ਦੇ ਕੁਝ ਹਿਸਿਆਂ ਲਈ ਉਡਾਣਾ ਸ਼ੁਰੂ ਕਰੇਗਾ

14 ਦਿਨਾਂ ਦਾ ਬੰਦ ਕਮਰੇ ਵਿਚ ਰਹਿਣ ਵਾਲਾ ਚੱਕਰ ਹੋਵੇਗਾ ਖਤਮ ਪਰ ਸਾਵਧਾਨੀਆਂ ਬਰਕਰਾਰ-ਫਲਾਈਟ ਦੇ ਵਿਚ ਮਾਸਕ ਪਹਿਨਣਾ ਜ਼ਰੂਰੀ

ਔਕਲੈਂਡ :-ਨਿਊਜ਼ੀਲੈਂਡ ਸਰਕਾਰ ਨੇ 19 ਅਪ੍ਰੈਲ ਤੋਂ ‘ਟ੍ਰਾਂਸ-ਟਾਸਮਨ ਬੱਬਲ’ ਦਾ ਘੇਰਾ ਬਗਲਦਿਆਂ ਆਸਟਰੇਲੀਆ ਦੇ ਕੁਝ ਭਾਗਾਂ (ਬਿ੍ਰਸਬੇਨ, ਮੈਲਬੌਰਨ, ਸਿਡਨੀ, ਗੋਲਡ ਕੋਸਟ, ਐਡੀਲੇਡ, ਸਨਸ਼ਾਈਨ ਕੋਸਟ ਕੈਰਿਨਜ਼) ਵਿਚ 14 ਦਿਨਾਂ ਆਈਸੋਲੇਸ਼ਨ ਰਹਿਤ ਹਵਾਈ ਸਫ਼ਰ ਸ਼ੁਰੂ ਕਰਨ ਦਾ ਅੱਜ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇਸ ਹਵਾਈ ਸੇਵਾ ਬਹਾਲੀ ਬਾਰੇ ਜਾਣਕਾਰੀ ਦਿੱਤੀ। ਹੁਣ ਜਿਹੜੇ ਵੀ ਨਿਊਜ਼ੀਲੈਂਡ ਦੇ ਵਸਨੀਕ ਆਸਟਰੇਲੀਆ ਜਾ ਕੇ ਵਾਪਿਸ ਆਉਣਗੇ ਤਾਂ ਉਨ੍ਹਾਂ ਨੂੰ 14 ਦਿਨਾਂ ਦੇ ਲਈ ਏਕਾਂਤਵਾਸ ਨਹੀਂ ਹੋਣਾ ਪਵੇਗਾ, ਪਰ ਇਸਦੇ ਲਈ ਕਈ ਸ਼ਰਤਾਂ ਲਾਗੂ ਰਹਿਣਗੀਆਂ। ਏਅਰ ਨਿਊਜ਼ੀਲੈਂਡ, ਕੁਆਂਟਾਸ ਅਤੇ ਜੈਟਸਟਾਰ ਨੇ ਜਹਾਜ਼ ਅੰਦਰੋ ਅਤੇ ਬਾਹਰੋਂ ਚਮਕਾਉਣੇ ਸ਼ੁਰ ਕਰ ਦਿੱਤੇ ਹਨ। ਕੁਆਂਟਾਸ ਵੱਲੋਂ ਦੋ ਨਵੇਂ ਹਵਾਈ ਰੂਟ ਕੈਰਨਿਜ ਅਤੇ ਗੋਲਡ ਕੋਸਟ ਲਈ ਚਲਾ ਰਹੀ ਹੈ। ਜਿਹੜੇ ਲੋਕਾਂ ਨੇ 19 ਅਪ੍ਰੈਲ ਤੋਂ 14 ਦਿਨਾਂ ਦੇ ਲਈ ਆਈਸੋਲੇਸ਼ਨ ਬੁੱਕ ਕਰਵਾਈ ਸੀ, ਉਹ ਹੁਣ ਵਿਹਲੀ ਹੋ ਜਾਵੇਗੀ ਤੇ ਉਨ੍ਹਾਂ ਲੋਕਾਂ ਨੂੰ ਆਪਣਾ ਹਵਾਈ ਸਫਰ ਅਤੇ ਏਅਰ ਲਾਈਨ ਦੁਬਾਰਾ ਚੈਕ ਕਰਨ ਲਈ ਕਿਹਾ ਗਿਆ ਹੈ। ਇਸ ਆਣ-ਜਾਣ ਦੇ ਸਫਰ ਲਈ ਕੋਈ ਵੈਕਸੀਨ ਦਾ ਟੀਕਾ ਲੱਗਿਆ ਹੋਣਾ ਜਰੂਰੀ ਨਹੀਂ ਹੈ ਅਤੇ ਨਾ ਹੀ ਕਰੋਨਾ ਟੈਸਟ ਕਰਾਉਣਾ ਹੋਵੇਗਾ। ਪਰ ਜੇਕਰ ਪਿਛਲੇ 14 ਦਿਨਾਂ ਦੇ ਵਿਚ ਤੁਸੀਂ ਕਰੋਨਾ ਪਾਜੇਟਿਵ ਆਏ ਹੋ ਜਾਂ ਆਪਣਾ ਨਤੀਜਾ ਉਡੀਕ ਰਹੇ ਹੋ ਤਾਂ ਤੁਸੀਂ ਸਫਰ ਨਹੀਂ ਕਰ ਸਕੋਗੇ। ਜੇਕਰ ਆਸਟਰੇਲੀਆ ਦੇ ਵਿਚ ਦੁਬਾਰਾ ਮਹਾਂਮਾਰੀ ਫੈਲ ਜਾਂਦੀ ਹੈ  ਅਤੇ ਤੁਸੀਂ ਉਸ ਤੋਂ ਬਾਅਦ ਵਾਪਿਸ ਨਿਊਜ਼ੀਲੈਂਡ ਪਰਤ ਰਹੇ ਹੋ ਤਾਂ ਹੋ ਸਕਦਾ ਹੈ ਕਰੋਨਾ ਟੈਸਟ ਕਰਾਉਣਾ ਪਵੇ। ਜਾਣ ਵੇਲੇ ਆਸਟਰੇਲੀਅਨ ਟ੍ਰੈਵਲ ਡੈਕਲਾਰੇਸ਼ਨ ਭਰਨਾ ਹੋਏਗਾ ਜੋ ਕਿ ਪਿਛਲੇ 14 ਦਿਨਾਂ ਸਬੰਧੀ ਹੋਵੇਗਾ।  ਹਵਾਈ ਅੱਡੇ ਉਤੇ ਤੁਹਾਨੂੰ ਗ੍ਰੀਨ ਜ਼ੋਨ ਦੇ ਵਿਚੋਂ ਲੰਘਣ ਦੀ ਆਜ਼ਾਦੀ ਹੋਵੇਗੀ। ਹਵਾਈ ਅਡੇ ਉਤੇ ਤੁਹਾਡਾ ਬੁਖਾਰ ਆਦਿ ਚੈਕ ਕੀਤਾ ਜਾ ਸਕਦਾ ਹੈ। ਜਹਾਜ਼ ਦੇ ਵਿਚ ਮਾਸਕ ਪਹਿਨਣਾ ਜਰੂਰੀ ਹੋਵੇਗਾ। ਜੇਕਰ ਆਸਟਰੇਲੀਆ ਦੇ ਵਿਚ ਮਹਾਂਮਾਰੀ ਫੈਲ ਗਈ ਅਤੇ ਉਸ ਦੌਰਾਨ ਵਾਪਿਸ ਆਉਣਾ ਪਿਆ ਤਾਂ ਟ੍ਰੈਫਿਕ ਲਾਈਟਾਂ ਦੀ ਤਰ੍ਹਾਂ ਤਿੰਨ ਰੰਗਾ ਵਾਲਾ ਪ੍ਰੋਗਰਾਮ ਬਣਾਇਆ ਗਿਆ। ਸਥਿਤੀ ਦੇ ਅਨੁਸਾਰ ਉਸੇ ਰੰਗ ਵਾਲੇ ਨਿਯਮ ਲਾਗੂ ਹੋਣਗੇ। ਖੈਰ ਸਾਲ ਬਾਅਦ ਜਹਾਜ਼ ਤਾਂ ਹਿੱਲਣ ਲੱਗੇ….

Install Punjabi Akhbar App

Install
×