ਬੈਲਾਰਾਟ ਵਿੱਚ ਮਨਾਇਆ ‘ਵਰਲਡ ਇਨਟਰਫੇਥ ਹਾਰਮਨੀ ਵੀਕ’

ਦੁਨੀਆ ਭਰ ਵਿੱਚ ਇੱਕ ਦੂਜੇ ਪ੍ਰਤੀ ਵਿਸ਼ਵਾਸ਼ ਪ੍ਰਗਟਾਏ ਜਾਣ ਦੇ ਕਾਰਜ ਹਿਤ ਹਰ ਸਾਲ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ‘ਵਰਲਡ ਇਨਟਰਫੇਥ ਹਾਰਮਨੀ ਵੀਕ’ ਮਨਾਇਆ ਜਾਂਦਾ ਹੈ ਜਿਸ ਵਿੱਚ ਕਿ ਸਭ ਧਰਮਾਂ ਦੀਆਂ ਪ੍ਰਾਰਥਨਾਵਾਂ ਆਦਿ ਦਾ ਆਯੋਜਨ ਇੱਕ ਹੀ ਥਾਂ ਤੇ ਕੀਤਾ ਜਾਂਦਾ ਹੈ ਅਤੇ ਵਿਸ਼ਵ ਭਰ ਵਿੱਚ ਸੁਖ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ।

ਇਸ ਵਾਰੀ ਬੈਲਾਰਾਟ ਵਿੱਚ ਵੀ ਸਿੱਖ ਭਾਈਚਾਰੇ ਵੱਲੋਂ ਬੀਤੇ ਕੱਲ੍ਹ (ਫਰਵਰੀ 07, 2021) ਨੂੰ ਬੈਲਾਰਾਟ ਦੇ ਬਰਾਊਨ ਹਿਲ ਹਾਲ ਵਿਖੇ ਉਕਤ ਦਿਹਾੜੇ ਉਪਰ ਇਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਅਤੇ ਇਸ ਸਭਾ ਵਿੱਚ ਹਰ ਧਰਮ ਦੇ ਲੋਕਾਂ ਨੇ ਸ਼ਿਰਕਤ ਕਰਕੇ ਆਪਣੇ ਆਪਣੇ ਧਾਰਮਿਕ ਢੰਗਾਂ ਤਰੀਕਿਆਂ ਦੇ ਨਾਲ ਪਰਮ ਪਿਤਾ ਪ੍ਰਮਾਤਮਾ ਅੱਗੇ ਪ੍ਰਾਰਥਨਾਵਾਂ ਕੀਤੀਆਂ ਅਤੇ ਇਸ ਦੇ ਤਹਿਤ ਸਿੱਖ ਧਰਮ ਅਨੁਸਾਰ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਪ੍ਰਾਰਥਨਾ ਸਭਾ ਦਾ ਆਯੋਜਨ ਰਮਨ ਮਾਰੁਪੁਰ, ਰਜਿੰਦਰ ਸਿੰਘ ਅਤੇ ਪ੍ਰੀਤ ਖਿੰਦਾ ਨੇ ਮਿਲ ਕੇ ਕੀਤਾ। ਮੁੱਖ ਮਹਿਮਾਨ ਦੇ ਤੌਰ ਤੇ ਬੈਲਾਰਾਟ ਤੋਂ ਚੇਅਰ ਪਰਸਨ ਮਾਰਗਰਿਟਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਸਭਾ ਵਿੱਚ ਪਹਿਲਾਂ ਤਾਂ ਸੁਖਮਨੀ ਸਾਹਿਬ ਦਾ ਪਾਠ ਹੋਇਆ ਅਤੇ ਉਪਰੰਤ ਕੀਰਤਨੀ ਜੱਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਕੀਰਤਨ ਤੋਂ ਬਾਅਦ ਸਿੱਖ ਧਰਮ ਬਾਰੇ ਜਾਣਕਾਰੀ ਆਈਆਂ ਹੋਰ ਧਰਮਾਂ ਦੀਆਂ ਸੰਗਤਾਂ ਨੂੰ ਦਿੱਤੀ ਗਈ ਅਤੇ ਇਸ ਤੋਂ ਬਾਅਦ ਸਭ ਨੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ‘ਗੁਰੂ ਕਾ ਲੰਗਰ’ ਛਕਿਆ।

ਆਯੋਜਨ ਦੌਰਾਨ ਮੈਲਬੋਰਨ ਤੋਂ ਉਚੇਚੇ ਤੌਰ ਤੇ ਆਏ ਸਰਦਾਰਨੀ ਗੁਰਿੰਦਰ ਕੌਰ ਜੀ ਨੇ ਸਿੱਖ ਧਰਮ ਦੇ ਇਤਿਹਾਸ ਉਪਰ ਚਾਨਣਾ ਪਾਇਆ ਅਤੇ ਸਿੱਖ ਧਰਮ ਦੇ ਨਿਯਮਾਂ, ਕਰਮਾਂ ਆਦਿ ਬਾਰੇ ਵਿਸਤਾਰ ਵਿੱਚ ਦੱਸਿਆ।
ਮੁੱਖ ਮਹਿਮਾਨ -ਚੇਅਰ ਪਰਸਨ ਮਾਰਗਰਿਟਾ ਨੇ ਵਿਸ਼ੇਸ਼ ਤੌਰ ਤੇ ਆਯੋਜਕਾਂ ਦਾ ਅਜਿਹੇ ਪ੍ਰੋਗਰਾਮਾਂ ਨੂੰ ਉਲੀਕਣ ਅਤੇ ਸਹੀਬੱਧ ਤਰੀਕਿਆਂ ਦੇ ਨਾਲ ਸਿਰੇ ਚਾੜ੍ਹਨ ਵਾਸਤੇ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਅੱਜ ਉਨ੍ਹਾਂ ਨੂੰ ਸਿੱਖ ਧਰਮ ਬਾਰੇ ਵਿੱਚ ਅਜਿਹੀ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਤੋਂ ਕਿ ਉਹ ਅਣਜਾਣ ਸਨ ਅਤੇ ਇਸ ਵਾਸਤੇ ਉਨ੍ਹਾਂ ਨੇ ਆਯੋਜਕਾਂ ਅਤੇ ਸਮੂਹ ਸੰਗਤ ਦਾ ਧੰਨਵਾਦ ਵੀ ਕੀਤਾ।