ਲੋਕਾਂ ਤੇ ਪਵੇਗਾ ਕੀ ਅਸਰ….?

ਆਸਟ੍ਰੇਲੀਆਈ ਰਿਜ਼ਰਵ ਬੈਂਕ ਗਵਰਨਰ -ਫ਼ਿਲਿਪ ਲੋਏ ਨੇ ਇੱਕ ਤਾਜ਼ਾ ਜਾਣਕਾਰੀ ਮੁਤਾਬਿਕ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਦੇਸ਼ ਵਿੱਚ ਮਹਿੰਗਾਈ ਦੀ ਦਰ ਇਸੇ ਸਾਲ ਦੇ ਅੰਤ ਤੱਕ 7% ਤੱਕ ਪਹੁੰਚਣ ਦੇ ਆਸਾਰ ਸਾਫ਼ ਦਿਖਾਈ ਦੇ ਰਹੇ ਹਨ ਅਤੇ ਇਸ ਨਾਲ ਸਿੱਧਾ ਸਿੱਧਾ ਅਸਰ ਦੇਸ਼ ਵਾਸੀਆਂ ਦੇ ਰਹਿਣ ਸਹਿਣ ਉਪਰ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਰਥ-ਵਿਵਸਥਾ ਬੇਸ਼ੱਕ ਠੀਕ ਠਾਕ ਹੈ ਅਤੇ ਇਸ ਸਮੇਂ ਜੋ ਬੇਰੋਜ਼ਗਾਰੀ ਦੀ ਦਰ ਹੈ ਉਹ ਬੀਤੇ 50 ਸਾਲਾਂ ਨਾਲੋਂ ਵੀ ਨਿਚਲੇ ਪੱਧਰ ਤੇ ਪਹੁੰਚ ਗਈ ਹੈ ਅਤੇ ਕਿਹਾ ਜਾ ਸਕਦਾ ਹੈ ਕਿ ਆਸਟ੍ਰੇਲੀਆਈ ਜਨਸੰਖਿਆ ਦਾ ਜ਼ਿਆਦਾਤਰ ਹਿੱਸਾ ਆਪਣੇ ਕੰਮੀਂਕਾਰੀਂ ਲੱਗਿਆ ਹੋਇਆ ਹੈ। ਬੀਤੇ ਦੋ ਸਾਲਾਂ ਵਿੱਚ ਲੋਕਾਂ ਨੇ ਇੱਕ ਵਿੱਤੀ ਬਫਰ ਤਿਆਰ ਕੀਤਾ ਹੋਇਆ ਹੈ ਜਿਸ ਦੀ ਕੀਮਤ 250 ਬਿਲੀਅਨ ਡਾਲਰਾਂ ਤੱਕ ਬਣਦੀ ਹੈ ਅਤੇ ਇਸਤੋਂ ਪਤਾ ਚਲਦਾ ਹੈ ਕਿ ਲੋਕਾਂ ਵਿੱਚ ਬੱਚਤ ਕਰਨ ਦੀ ਦਰ ਕਾਫੀ ਜ਼ਿਆਦਾ ਹੈ। ਦੇਖਣ ਵਿੱਚ ਇਹ ਵੀ ਆ ਰਿਹਾ ਹੈ ਕਿ ਲੋਕੀ ਕਰਜ਼ਿਆਂ ਤੋਂ ਨਿਜਾਤ ਪਾ ਰਹੇ ਹਨ ਅਤੇ ਘਰੇਲੂ ਖੇਤਰ ਵਿੱਚ ਕਾਫ਼ੀ ਲਚੀਲਾਪਣ ਵੀ ਦਿਖਾਈ ਦੇ ਰਿਹਾ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਕਾਫ਼ੀ ਫ਼ਾਇਦੇਮੰਦ ਹੋ ਸਕਦਾ ਹੈ।