ਅੰਤਰ-ਰਾਸ਼ਟਰੀ ਫਲਾਈਟਾਂ ਵਿੱਚ ਕੋਵਿਡ-19 ਦੇ ਨਿਯਮਾਂ ਵਿੱਚ ਬਦਲਾਅ

ਮੂੰਹ ਤੇ ਮਾਸਕ ਪਾਉਣ ਦੀ ਪਾਬੰਧੀ ਖ਼ਤਮ

ਫੈਡਰਲ ਸਿਹਤ ਮੰਤਰੀ -ਮਾਰਕ ਬਟਲਰ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਸਰਕਾਰ ਵੱਲੋਂ ਆਪਣੇ ਇੱਕ ਅਹਿਮ ਫੈਸਲੇ ਰਾਹੀਂ ਹੁਣ ਘਰੇਲੂ ਅਤੇ ਅੰਤਰ-ਰਾਸ਼ਟਰੀ ਫਲਾਈਟਾਂ ਦੌਰਾਨ ਮੂੰਹਾਂ ਉਪਰ ਮਾਸਕ ਪਾਉਣ ਦੀ ਪਾਬੰਧੀ ਨੂੰ ਅੱਜ ਬੀਤੀ ਅੱਧੀ ਰਾਤ ਤੋਂ ਹਟਾਇਆ ਜਾ ਚੁਕਿਆ ਹੈ। ਪਰੰਤੂ ਯਾਤਰੀਆਂ ਨੂੰ ਹਦਾਇਤਾਂ ਹਨ ਕਿ ਜੇਕਰ ਉਹ ਆਪਣੀ ਸੁਰੱਖਿਆ ਵਾਸਤੇ ਮਾਸਕ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ ਤਾਂ ਉਹ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਇਨਫੈਕਸ਼ਨ ਦੇ ਖਤਰੇ ਦੇ ਮੱਦੇ-ਨਜ਼ਰ ਇਹ ਪਾਬੰਧੀਆਂ ਲਗਾਈਆਂ ਗਈਆਂ ਸਨ ਜੋ ਕਿ ਹੁਣ ਹਟਾ ਲਈਆਂ ਗਈਆਂ ਹਨ।
ਬੀਤੇ ਕੱਲ੍ਹ, ਵੀਰਵਾਰ ਨੂੰ ਦੇਸ਼ ਦੇ ਸਿਹਤ ਅਧਿਕਾਰੀਆਂ ਵੱਲੋਂ ਕਰੋਨੇ ਦੇ ਨਵੇਂ ਮਾਮਲਿਆਂ ਦਾ ਆਂਕੜਾ 9,176 ਜਾਰੀ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ 74 ਮੌਤਾਂ ਵੀ ਦਰਸਾਈਆਂ ਗਈਆਂ ਸਨ। ਦੇਸ਼ ਅੰਦਰ ਇਸ ਸਮੇਂ ਦੌਰਾਨ 2,388 ਕਰੋਨਾ ਦੇ ਮਰੀਜ਼ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਜਦੋਂ ਕਿ 64 ਆਈ.ਸੀ.ਯੂ. ਵਿੱਚ ਅਤੇ 17 ਵੈਂਟੀਲੇਟਰਾਂ ਉਪਰ ਵੀ ਹਨ।