ਬਜ਼ੁਰਗ ਆਂਟੀ ਸ਼ਿਰਲੇ (ਲਾਪਤਾ ਇੰਡੀਜੀਨਸ) ਦੀ ਭਾਲ ਲਈ ਲਗਾਈ ਗੁਹਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆ ਦੇ ਦੂਰ ਦੇ ਖੇਤਰ ਵਿੱਚ ਬੀਤੇ 28 ਦਿਸੰਬਰ ਤੋਂ ਲਾਪਤਾ ਇੰਡੀਜੀਨਸ ਆਂਟੀ ਸ਼ਿਰਲੇ ਵਿਲੀਅਮਜ਼ (64) ਦੀ ਭਾਲ ਵਿੱਚ ਲੱਗੇ ਪਰਵਾਰ ਨੇ ਸਰਕਾਰ ਕੋਲੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬਜ਼ੁਰਗ ਨੂੰ ਭਾਲਣ ਵਿੱਚ ਹੋਰ ਕਦਮ ਚੁੱਕੇ ਜਾਣ ਤਾਂ ਜੋ ਕਿ ਜੇਕਰ ਉਹ ਕਿਸੇ ਮੁਸੀਬਤ ਵਿੱਚ ਹਨ ਤਾਂ ਛੇਤੀ ਤੋਂ ਛੇਤੀ ਉਨ੍ਹਾਂ ਤੱਕ ਪਹੁੰਚ ਕੀਤੀ ਜਾ ਸਕੇ ਅਤੇ ਲੋੜੀਂਦੀ ਮਦਦ ਨਾਲ ਉਨ੍ਹਾਂ ਨੂੰ ਵਾਪਿਸ ਘਰ ਲਿਆਇਆ ਜਾ ਸਕੇ। ਲਾਪਤਾ ਬਜ਼ੁਰਗ ਮਹਿਲਾ ਨੂੰ 28 ਦਿਸੰਬਰ ਨੂੰ ਕੂਬਰ ਪੈਡੀ ਹਸਪਤਾਲ ਵਿੱਚੋਂ ਬਾਹਰ ਆਉਂਦਿਆਂ ਦੇਖਿਆ ਗਿਆ ਸੀ ਪਰੰਤੂ ਉਹ ਇਸ ਤੋਂ ਬਾਅਦ ਲਾਪਤਾ ਹੋ ਗਏ ਅਤੇ ਅੱਜ ਤੱਕ ਉਨ੍ਹਾਂ ਦਾ ਕੋਈ ਥੋਹ ਟਿਕਾਣਾ ਨਹੀਂ ਮਿਲ ਰਿਹਾ। ਸਥਾਨਕ ਏਰੀਆ ਕਮਾਂਡਰ ਸੁਪਰਿਨਟੈਂਡੇਂਟ ਪੌਲ ਰੋਬਰਟਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਡੀਲੇਡ ਅਤੇ ਪੋਰਟ ਅਗਸਟਾ ਦੇ ਸਾਪੋਲ ਵਰਦੀਧਾਰੀ ਸਟਾਫ ਅਤੇ ਹੋਰ ਜਾਸੂਸੀ ਕਰਿੰਦੇ ਅਤੇ ਅਧਿਕਾਰੀ ਬਜ਼ੁਗਰ ਆਂਟੀ ਦੀ ਭਾਲ਼ ਵਿੱਚ ਲੱਗੇ ਹਨ ਪਰੰਤੂ ਹਾਲੇ ਤੱਕ ਕੋਈ ਖ਼ਬਰ ਨਹੀਂ ਹੈ ਅਤੇ ਉਨ੍ਹਾਂ ਦੀ ਭਾਲ਼ ਲਗਾਤਾਰ ਜਾਰੀ ਹੈ। ਲਾਪਤਾ ਬਜ਼ੁਰਗ ਦੀ ਬੇਟੀ ਜਿਲੀਅਨ ਵਿਲੀਅਮਜ਼ ਨੇ ਕਿਹਾ ਕਿ ਉਹ ਸਭ ਦਿਨ ਰਾਤ ਉਨ੍ਹਾਂ ਦੀ ਭਾਲ਼ ਵਿੱਚ ਲੱਗੇ ਹਨ ਅਤੇ ਉਮੀਦ ਕਰਦੇ ਹਨ ਕਿ ਉਹ ਛੇਤੀ ਹੀ ਮਿਲ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਉਹ ਆਪਣੇ ਪਰਵਾਰਕ ਘਰ ਜੋ ਕਿ ਐਂਡਾਮੂਕਾ (ਕੂਬਰ ਪੈਡੀ ਤੋਂ 500 ਕਿ. ਮੀਟਰ ਦੂਰ) ਹੈ, ਦੀ ਭਾਲ਼ ਵਿੱਚ ਭਟਕ ਗਏ ਹੋਣ ਕਿਉਂਕਿ ਉਹ ਅਕਸਰ ਉਸੇ ਘਰ ਨੂੰ ਯਾਦ ਕਰਦੇ ਰਹਿੰਦੇ ਸਨ। ਆਂਟੀ ਸ਼ਿਰਲੇ ਦੀ ਛੋਟੀ ਭੈਣ ਮੌਰੀਨ ਵਿਲੀਅਮਜ਼ ਦਾ ਕਹਿਣਾ ਹੈ ਕਿ ਪੁਲਿਸ ਦੀ ਕਾਰਗੁਜ਼ਾਰੀ ਸਹੀ ਅਤੇ ਪੂਰਨ ਨਹੀਂ ਹੈ ਅਤੇ ਪੁਲਿਸ ਇਸਨੂੰ ਬਹੁਤ ਜ਼ਿਆਦਾ ਹਲਕੇ ਵਿੱਚ ਲੈ ਰਹੀ ਹੈ। ਇਸ ਵਾਸਤੇ ਉਨ੍ਹਾਂ ਨੇ ਦੱਖਣੀ ਆਸਟ੍ਰੇਲੀਆ ਰਾਜ ਦੇ ਪੁਲਿਸ ਕਮਿਸ਼ਨਰ ਕੋਲ ਵੀ ਗੁਹਾਰ ਲਗਾਈ ਹੈ।

Install Punjabi Akhbar App

Install
×