ਆਸਟ੍ਰੇਲੀਆ ਵਿਚ ਰਹਿ ਰਹੇ ਮਿਆਨਮਾਰ ਨਿਵਾਸੀ, ਜਤਾ ਰਹੇ ਸ਼ੰਕੇ ਅਤੇ ਕਰ ਰਹੇ ਆਪਣੇ ਦੇਸ਼ ਲਈ ਦੁਆਵਾਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਦੋਂ ਦਾ ਮਿਆਨਮਾਰ (ਬਰਮਾ) ਵਿੱਚ ਤਖ਼ਤਾ ਪਲਟ ਹੋਇਆ ਹੈ ਅਤੇ ਉਥੋਂ ਦੀ ਉਘੀ ਰਾਜਨੀਤਿਕ ਅਤੇ ਨੋਬਲ ਪੁਰਸਕਾਰ ਜੇਤੂ, ਸਟੇਟ ਕਾਂਸਲਰ ਦੇ ਨਾਲ ਨਾਲ ਬਾਹਰੀ ਰਾਜਾਂ ਦੀ ਮੰਤਰੀ (2016 ਤੋਂ 2021 ਤੱਕ) ਔਂਗ ਸੈਨ ਸੂ ਕੀ ਨੂੰ ਉਥੋਂ ਦੀ ਫੌਜ ਨੇ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਹੈ ਤਾਂ ਆਸਟ੍ਰੇਲੀਆ ਵਿੱਚ ਰਹਿੰਦੇ ਬਰਮਾ ਨਿਵਾਸੀ ਨਿਤ-ਪ੍ਰਤੀਦਿਨ ਉਥੇ ਚਲ ਰਹੇ ਮਾੜੇ ਹਾਲਾਤਾਂ ਲਈ ਸ਼ੰਕੇ ਜ਼ਾਹਿਰ ਕਰ ਰਹੇ ਹਨ ਅਤੇ ਪ੍ਰਮਾਤਮਾ ਅੱਗੇ ਦੁਆਵਾਂ ਕਰ ਰਹੇ ਕਿ ਉਥੇ ਜੋ ਕੁੱਝ ਪਹਿਲਾਂ ਖੂਨ-ਖਰਾਬਾ ਹੁੰਦਾ ਆਇਆ ਹੈ, ਉਹ ਮੁੜ ਨਾ ਵਾਪਰੇ ਅਤੇ ਸਭ ਕੁੱਝ ਸਹੀ ਸਲਾਮਤ ਹੀ ਰਹੇ। ਇਕਬਾਲ ਲਿਆਨ, ਜੋ ਕਿ ਹੁਣ ਮੈਲਬੋਰਨ ਵਿੱਚ ਰਹਿੰਦਾ ਹੈ ਅਤੇ 2008 ਵਿੱਚ ਬਰਮਾ ਤੋਂ ਭੱਜ ਕੇ ਆਸਟ੍ਰੇਲੀਆ ਇੱਕ ਸ਼ਰਨਾਰਥੀ ਵਜੋਂ ਆ ਵੱਸਿਆ ਸੀ, ਅਤੇ ਇਸ ਤੋਂ ਪਹਿਲਾਂ ਉਹ ਲਗਾਤਾਰ 10 ਸਾਲਾਂ ਤੱਕ ਔਂਗ ਸੈਨ ਸੂ ਕੀ ਦਾ ਬਾਡੀ ਗਾਰਡ ਰਿਹਾ ਹੈ, ਇਹੋ ਸ਼ੰਕੇ ਜ਼ਾਹਿਰ ਕਰ ਰਿਹਾ ਹੈ ਕਿ ਉਥੇ ਸਭ ਠੀਕ ਨਹੀਂ ਹੈ ਅਤੇ ਜੋ ਹਾਲਾਤ ਚੱਲ ਰਹੇ ਹਨ ਤਾਂ ਲਗਦਾ ਹੈ ਕਿ 75 ਸਾਲਾਂ ਦੀ ਔਂਗ ਸੈਨ ਨੂੰ ਹੁਣ ਮੁੜ ਤੋਂ ਜੇਲ੍ਹ ਵਿੱਚ ਅਗਲੇ ਕਈ ਸਾਲਾਂ ਲਈ ਬੰਦ ਕਰ ਦਿੱਤਾ ਜਾਵੇਗਾ। ਲਿਆਨ, ਜਿਹੜਾ ਕਿ ਇਸ ਸਮੇਂ 51 ਸਾਲਾਂ ਦਾ ਹੈ, ਖੁਦ ਵੀ 1993 ਵਿੱਚ 10 ਸਾਲਾਂ ਤੱਕ ਮਿਲਟਰੀ ਦੀ ਕੈਦ ਵਿੱਚ ਰਹਿ ਚੁਕਿਆ ਹੈ। ਉਸਨੇ ਕਿਹਾ ਕਿ ਉਹ ਕੁੱਝ ਵੀ ਨਹੀਂ ਕਰ ਸਕਦਾ ਅਤੇ ਸਿਰਫ ਦੁਆਵਾਂ ਹੀ ਕਰ ਸਕਦਾ ਹੈ ਕਿ ਉਥੇ ਸਭ ਠੀਕ ਠਾਕ ਰਹੇ।

ਇਸੇ ਤਰਾ੍ਹਂ ਸਿਡਨੀ ਵਿੱਚ ਰਹਿ ਰਹੀ 43 ਸਾਲਾਂ ਦੀ ਸੋਫੀਆ ਸਰਕਿਜ਼ ਵੀ 1988 ਦਾ ਉਹ ਮੰਜ਼ਰ ਯਾਦ ਕਰਕੇ ਰੋ ਪੈਂਦੀ ਹੈ ਜਦੋਂ ਉਹ ਮਹਿਜ਼ 11 ਸਾਲਾਂ ਦੀ ਸੀ ਅਤੇ ਉਸਨੇ ਦੇਖਿਆ ਸੀ ਕਿ ਕਿਵੇਂ ਇੱਕ ਮਿਲਟਰੀ ਦਾ ਟਰੱਕ ਆਇਆ ਅਤੇ ਪ੍ਰਦਰਸ਼ਨ ਕਰ ਰਹੇ ਨੌਜਵਾਨ ਵਿਦਿਆਰਥੀਆਂ ਉਪਰ ਗੋਲੀਆਂ ਦਾ ਮੀਂਹ ਬਰਸਾ ਕੇ, ਕੁੱਝ ਮਿੰਟਾਂ ਸਕਿੰਟਾਂ ਵਿੱਚ ਹੀ ਉਨ੍ਹਾਂ ਨੂੰ ਲਾਸ਼ਾਂ ਵਿੱਚ ਤਬਦੀਲ ਕਰਕੇ ਉਥੋਂ ਚਲਦਾ ਬਣਿਆ। ਇਸ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਰਹਿ ਰਹੇ ਬਰਮਾ ਨਿਵਾਸੀ, ਆਪਣੇ ਦੇਸ਼ ਵਿਚਲੀਆਂ ਸਥਿਤੀਆਂ ਤੋਂ ਸਮੁੱਚੇ ਸੰਸਾਰ ਨੂੰ ਜਾਣੂ ਕਰਵਾਉਣ ਵਾਸਤੇ ਥਾਲੀਆਂ ਆਦਿ ਵਜਾ ਕੇ ਅਤੇ ਹਰ ਤਰ੍ਹਾਂ ਦੇ ਹੋਰ ਜ਼ਰੀਏ ਵੀ ਵਰਤ ਰਹੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਦੇਸ਼ ਅੰਦਰ ਸ਼ਾਂਤੀ ਬਹਾਲ ਹੋਵੇ ਅਤੇ ਕਿਸੇ ਕਿਸਮ ਦਾ ਕੋਈ ਵੀ ਖ਼ੂਨ-ਖਰਾਬਾ ਨਾ ਹੋਵੇ।

Install Punjabi Akhbar App

Install
×